ਆਕਲੈਂਡ (ਅਵਤਾਰ ਸਿੰਘ ਟਹਿਣਾ) - ਨਿਊਜ਼ੀਲੈਂਡ ਦੇ ਵਿਵਾਦਤ ਵਿਅਕਤੀ ਹਰਨੇਕ ਸਿੰਘ ਉਸਦੇ ਨਜ਼ਦੀਕੀ ਸਾਥੀਆਂ ਤੇ ਪਤਨੀ ਨੇ ਅੱਜ ਪਹਿਲੀ ਵਾਰ ਕੌਮੀ ਮੀਡੀਆ ਨੂੰ ਦਿੱਤੇ ਬਿਆਨ `ਚ ਕਿਹਾ ਹੈ ਕਿ ਨੇਕੀ `ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਆਪਣੇ ਘਰ ਜਾ ਰਿਹਾ ਸੀ। ਹਮਲਾਵਰਾਂ ਨੇ ਉਸਦੀ ਗੱਡੀ `ਤੇ ਹਮਲਾ ਕਰਕੇ ਸ਼ੀਸ਼ੇ ਭੰਨ੍ਹ ਦਿੱਤੇ ਸਨ। ਉਸਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ। ਸਾਥੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਧਮਕੀਆਂ ਮਿਲ ਰਹੀਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਰੇਡੀE ਵਿਰਸਾ `ਤੇ ਨੇਕੀ ਨਾਲ ਸਾਥ ਨਿਭਾਉਣ ਵਾਲੇ ਸੁਖਮਿੰਦਰ ਸਿੰਘ ਨੇ ਘਟਨਾ ਤੋਂ ਬਾਅਦ ਅੱਜ ਕੌਮੀ ਮੀਡੀਆ ਕੋਲ ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਹਰਨੇਕ ਨੇਕੀ `ਤੇ ਜਦੋਂ ਹਮਲਵਰਾਂ ਨੇ ਹਮਲਾ ਕੀਤਾ ਤਾਂ ਉਸ ਵੇਲੇ ਨੇਕੀ ਆਪਣੇ ਘਰ ਜਾ ਰਿਹਾ ਸੀ। ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਸਨ। ਉਸਦਾ ਕਹਿਣਾ ਹੈ ਕਿ ਉਸਨੂੰ ਵੀ ਪਤਾ ਨਹੀਂ ਕਿ ਨੇਕੀ ਹਮਲੇ ਚੋਂ ਬਚ ਕਿਵੇਂ ਗਿਆ? ਹਾਲਾਂਕਿ ਉਸ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਨਾਲ ਨੇਕੀ ਦੀ ਹਾਲਤ ਬਹੁਤ ਹੀ ਗੰਭੀਰ ਸੀ। ਸੁਖਮਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਜੁਲਾਈ ਮਹੀਨੇ ਆਕਲੈਂਡ ਦੇ ਇੱਕ ਰੈਸਟੋਰੈਂਟ `ਚ ਨੇਕੀ `ਤੇ ਹਮਲਾ ਹੋਇਆ ਸੀ ਅਤੇ ਉਸਨੂੰ ਲਗਾਤਾਰ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਨੇਕੀ ਦੇ ਇੱਕ ਹੋਰ ਸਾਥੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨੇਕੀ ਉਸਦੇ ਭਰਾ ਵਰਗਾ ਹੈ ਅਤੇ ਉਹ ਰੇਡੀE ਵਿਰਸਾ ਦੀ ਟੀਮ ਦੇ ਮੈਂਬਰ ਹਨ ਤੇ ਨੇਕੀ ਉਨ੍ਹਾਂ ਦਾ ਕੈਪਟਨ ਹੈ। ਪਰ ਜੋ ਕੁੱਝ 23 ਦਸੰਬਰ ਨੂੰ ਹੋਇਆ ਹੈ, ਉਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।
ਨੇਕੀ ਸੀ ਪਤਨੀ ਪ੍ਰਭਜੀਤ ਦਾ ਕਹਿਣਾ ਹੈ ਕਿ ਨੇਕੀ ਹਸਪਤਾਲ `ਚ ਹੈ ਪਰ ਉਸਦੀ ਹਾਲਤ ਠੀਕ ਹੈ।
ਮਿਡਲਮੋਰ ਹਸਪਤਾਲ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਰਜਰੀ ਤੋਂ ਬਾਅਦ ਨੇਕੀ ਦੀ ਹਾਲਤ ਕ੍ਰਿਟੀਕਲ ਪਰ ਸਥਿਰ ਹੈ।
ਨੇਕੀ ਦੇ ਘਰ ਕੋਲ ਵੈਟਲ ਡਾਊਨ ਏਰੀਏ `ਚ ਕੇਡਰ ਪਾਰਕ ਸੁਪਰੈਟ ਦੇ ਮਾਲਕ ਉਦੇ ਪਟੇਲ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਆਂਢ-ਗੁਆਂਢ ਦੇ ਲੋਕਾਂ ਨੂੰ ਸਦਮਾ ਲੱਗਾ ਹੈ ਕਿ ਕਿਉਂਕਿ ਪਹਿਲਾਂ ਅਜਿਹੀ ਘਟਨਾ ਕਦੇ ਵੀ ਨਹੀਂਂ ਹੋਈ। ਇਹ ਏਰੀਆ ਬਹੁਤ ਹੀ ਸੁਰੱਖਿਅਤ ਅਤੇ ਸ਼ਾਂਤ ਹੈ। ਜਿਸ ਕਰਕੇ ਉਸਨੂੰ ਖੁਦ ਨੂੰ ਯਕੀਨ ਨਹੀਂਂ ਕਿ ਅਜਿਹੀ ਘਟਨਾ ਹੋ ਸਕਦੀ ਹੈ। ਪਟੇਲ ਨੇ ਦੱਸਿਆ ਕਿ ਭਾਵੇਂ ਘਟਨਾ ਵਾਪਰਨ ਤੋਂ ਪਹਿਲਾਂ ਉਸਦੀ ਦੁਕਾਨ ਬੰਦ ਹੋ ਚੁੱਕੀ ਸੀ ਪਰ ਅਗਲੇ ਦਿਨ ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਮੰਗ ਕੀਤੀ ਸੀ।
ਨੇਕੀ ਦੇ ਕੁੱਝ ਗੁਆਂਢੀਆਂ ਦਾ ਕਹਿਣਾ ਹੈ ਕਿ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਹੋਈ। ਇੱਕ ਹੋਰ ਗੁਆਂਢੀ ਦਾ ਕਹਿਣਾ ਹੈ ਕਿ ਜਦੋਂ ਉਸਨੇ ਸਾਇਰਨ ਦੀ ਅਵਾਜ਼ ਸੁਣੀ ਸੀ ਤਾਂ ਉਸਨੂੰ ਲੱਗਾ ਕਿ ਕਿਤੇ ਕਾਰ ਦਾ ਐਕਸੀਡੈਂਟ ਹੋਇਆ ਹੈ।
ਇਸ ਮਾਮਲੇ ਨੂੰ ਲੈ ਕੇ ਪੁਲੀਸ ਵੱਲੋਂ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਕਾਊਂਟੀਜ ਮਾਨੁਕਾਊ ਦੇ ਡਿਟੈਕਟਿਵ ਇੰਸਪੈਕਟਰ ਕਰਿਸ ਬੈਰੀ ਅਨੁਸਾਰ ਪੁਲੀਸ ਦੀ ਤਫ਼ਤੀਸ਼ ਸਹੀ ਦਿਸ਼ਾ ਵੱਲ ਜਾ ਰਹੀ ਹੈ।
ਜਿ਼ਕਰਯੋਗ ਹੈ ਕਿ ਬੀਤੇ ਕੱਲ੍ਹ ਨੇਕੀ ਦੀ ਜਿ਼ੰਦਗੀ ਬਾਰੇ ਦੁਨੀਆ ਭਰ `ਚ ਕਈ ਤਰ੍ਹਾਂ ਅਫ਼ਵਾਹਾਂ ਫ਼ੈਲ ਗਈਆਂ ਸਨ ਅਤੇ ਲੋਕ ਮੀਡੀਆ ਅਦਾਰਿਆਂ ਨੂੰ ਫ਼ੋਨ ਕਰਕੇ-ਕਰਕੇ ਅਸਲੀਅਤ ਜਾਨਣ ਦੀ ਕੋਸਿ਼ਸ਼ ਕਰ ਰਹੇ ਸਨ। ਜਿਸ ਪਿੱਛੋਂ ਅਦਾਰਾ ਐੱਨਜ਼ੈੱਡ ਪੰਜਾਬੀ ਨਿਊਜ਼ ਨੇ ਸਪੱਸ਼ਟ ਕੀਤਾ ਸੀ ਕਿ ਅਫ਼ਵਾਹਾਂ `ਚ ਕੋਈ ਸਚਾਈ ਨਹੀਂ ਹੈ।
ਇਹ ਵੀ ਦੱਸਣਯੋਗ ਹੈ ਕਿ ਐਨਜ਼ੈੱਡ ਪੰਜਾਬੀ ਨਿਊਜ਼ ਅਤੇ ਅਣਖੀਲਾ ਪੰਜਾਬੀ ਟੀਵੀ ਨੇ ਹੀ ਸਭ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਨਸ਼ਰ ਕਰਕੇ ਇਸ਼ਾਰਾ ਕੀਤਾ ਗਿਆ ਸੀ ਕਿ ਆਕਲੈਂਡ `ਚ ਜਿਸ ਵਿਅਕਤੀ `ਤੇ ਹਮਲਾ ਹੋਇਆ ਹੈ, ਉਹ ਇਹੀ ਵਿਦਾਦਤ ਇਨਸਾਨ ਹੈ। ਜਿਸ ਵੱਲੋਂ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਤੇ ਕਿਸਾਨੀ ਸੰਘਰਸ਼ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਸਿੱਖ ਸੰਗਤ ਬਹੁਤ ਰੋਹ ਵਿੱਚ ਸੀ।