ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਸਾਲ ਦੀ ਆਮਦਗੀ ਮੌਕੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਫਾਇਰ ਵਰਕਸ ਹਰ ਸਾਲ ਖਿੱਚ ਦਾ ਕੇਂਦਰ ਰਹਿੰਦੇ ਹਨ, ਪਰ ਇਹ ਸਾਲ 2020 ਹੈ ਅਤੇ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਅਜੇ ਵੀ ਬਹੁਤਿਆਂ ਦੇਸ਼ਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਉੱਥੋਂ ਦੇ ਨਿਵਾਸੀ ਘਰੋਂ ਬਾਹਰ ਜਾ ਕੇ ਇਸ ਸਭ ਦਾ ਆਨੰਦ ਨਹੀਂ ਮਾਣ ਸਕਦੇ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂਕਿ ਤੁਸੀਂ ਹੋ ਨਿਊਜੀਲੈਂਡ ਵਿੱਚ, ਜਿੱਥੇ ਨਵਾਂ ਸਾਲ ਪੂਰੇ ਜੋਸ਼ ਨਾਲ ਮਨਾਇਆ ਜਾਏਗਾ।
ਆਕਲੈਂਡ ਦੇ ਹਾਰਬਰ ਬਿ੍ਰਜ 'ਤੇ ਪੂਰੇ 5 ਮਿੰਟ ਫਾਇਰ ਵਰਕਸ ਚਲਾਇਆ ਜਾਏਗਾ, ਜਿਸਨੂੰ ਦੇਖਣ ਲਈ ਹਜਾਰਾਂ ਆਕਲੈਂਡ ਵਾਸੀਆਂ ਦੇ ਪੁੱਜਣ ਦੀ ਆਸ ਹੈ। ਵੈਲੰਿਗਟਨ ਵਿੱਚ ਫਰੇਂਕ ਕਿਟਸ ਪਾਰਕ ਵਲੋਂ ਵਾਇਰਾਪੂ ਲਗੂਨ ਵਿਖੇ ਇੱਕ ਵਿਸ਼ੇਸ਼ ਸਮਾਰੋਹ ਰੱਖਿਆ ਗਿਆ ਹੈ ਤੇ ਇੱਥੋਂ ਦਾ ਫਾਇਰ ਵਰਕਸ ਵੀ ਪੂਰੀ ਖਿੱਚ ਦਾ ਕੇਂਦਰ ਰਹੇਗਾ। ਕ੍ਰਾਈਸਚਰਚ ਵਾਸੀ, ਕ੍ਰਾਈਸਚਰਚ ਦੇ ਹੈਗਲੀ ਪਾਰਕ ਵਿੱਚ ਫਾਇਰ ਵਰਕਸ ਦਾ ਨਜਾਰਾ ਮਾਣ ਸਕਦੇ ਹਨ। ਕੁਈਨਜਟਾਊਨ ਵਿੱਚ ਵੀ ਲੇਕਫਰੰਟ ਵਿਖੇ ਇੱਕ ਵਿਸ਼ੇਸ਼ ਇਵੈਂਟ ਨਵੇਂ ਸਾਲ ਦੀ ਆਮਦਗੀ ਮੌਕੇ ਕਰਵਾਈ ਜਾ ਰਹੀ ਹੈ, ਜਿਸਦਾ ਆਨੰਦ ਲੋਕਲ ਰਿਹਾਇਸ਼ੀ ਲੈ ਸਕਦੇ ਹਨ।