ਆਕਲੈਂਡ (ਹਰਪ੍ਰੀਤ ਸਿੰਘ) - ਕੀਵੀ ਪਲਾਜਾ ਜਿਸ ਦੇ ਆਕਲੈਂਡ ਵਿੱਚ 4 ਵੱਖੋ-ਵੱਖ ਸਟੋਰ ਚਲਦੇ ਹਨ ਅਤੇ ਸਟੋਰ 2002 ਤੋਂ ਹੈਲਥ ਐਂਡ ਬਿਊਟੀ ਉਤਪਾਦ ਸੇਲ ਕਰ ਰਿਹਾ ਹੈ, ਉਸ ਵਿੱਚ ਬਤੌਰ ਸੇਲਜ਼ ਅਸੀਸਟੈਂਟ ਕੰਮ ਕਰਦੀ ਵੀਅ ਜੀਆ ਲੀ ਨੂੰ ਕੰਮ ਤੋਂ ਇੱਕ ਕਰੀਮ ਚੋਰੀ ਕਰਦਿਆਂ ਫੜਿਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ।
ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ 2017 ਵਿੱਚ ਲੀ ਨੂੰ ਇੱਕ ਕਰਮਚਾਰੀ ਨੇ $5 ਮੁੱਲ ਦੀ ਹੈਂਡ ਕਰੀਮ ਆਪਣੇ ਪਰਸ ਵਿੱਚ ਪਾਉਂਦਿਆਂ ਦੇਖਿਆ ਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਆਪਣੇ ਡਿਊਟੀ ਮੈਨੇਜਰ ਨੂੰ ਦੱਸਿਆ। ਡਿਊਟੀ ਮੈਨੇਜਰ ਨੇ ਅਗਲੇ ਦਿਨ ਇਸ ਘਟਨਾ ਬਾਰੇ ਲੀ ਨੂੰ ਮੈਸੇਜ ਕਰਕੇ ਦੱਸਿਆ ਤੇ ਜਦੋਂ ਉਹ ਕੰਮ 'ਤੇ ਪੁੱਜੀ ਤਾਂ ਕੀਵੀ ਪਲਾਜਾ ਦੇ ਮਾਲਕ ਪੋਲ ਲੀਊ ਨੇ ਮੌਕੇ 'ਤੇ ਪੁੱਜ ਕੇ ਉਸਨੂੰ ਕੰਮ ਤੋਂ ਕੱਢ ਦਿੱਤਾ। ਇਸ ਦੌਰਾਨ ਲੀ ਚੋਰੀ ਦੇ ਇਲਜਾਮ ਨੂੰ ਸਿਰੇ ਤੋਂ ਨਕਾਰਦੀ ਰਹੀ ਅਤੇ ਉਸਦਾ ਕਹਿਣਾ ਸੀ ਕਿ ਕਰੀਮ ਉਸਨੂੰ ਸਾਬਕਾ ਮੈਨੇਜਰ ਨੇ ਦਿੱਤੀ ਸੀ, ਪਰ ਲੀ ਦੀ ਕਿਸੇ ਨੇ ਨਾ ਸੁਣੀ।
ਇਸ ਘਟਨਾ ਨੇ ਲੀਅ ਨੂੰ ਮਾਨਸਿਕ ਤੌਰ 'ਤੇ ਬਹੁਤ ਨੁਕਸਾਨ ਪਹੁੰਚਾਇਆ ਅਤੇ ਉਹ ਇਸ ਮਾਮਲੇ ਨੂੰ ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ (ਏਰਾ) ਕੋਲ ਲੈ ਗਈ ਅਤੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਇਸ ਅਨਿਆਂ ਭਰੇ ਫੈਸਲੇ ਕਰਕੇ ਕਈ ਦਿਨ ਮਾਨਸਿਕ ਪ੍ਰੇਸ਼ਾਨੀ ਝੱਲੀ ਤੇ ਖਾਣਾ ਵੀ ਨਹੀਂ ਖਾਧਾ। ਇਨ੍ਹਾਂ ਹੀ ਨਹੀਂ ਉਸਨੂੰ ਪਰਿਵਾਰਿਕ ਮੈਂਬਰਾਂ ਵਲੋਂ ਡਾਕਟਰ ਕੋਲ ਵੀ ਲੈ ਜਾਇਆ ਗਿਆ।
ਹੁਣ ਏਰਾ ਦੀ ਨਿਕੋਲਾ ਕਰੇਗ ਵਲੋਂ ਆਪਣੇ ਫੈਸਲੇ ਵਿੱਚ ਲੀ ਖਿਲਾਫ ਲਏ ਫੈਸਲੇ ਨੂੰ ਗਲਤ ਦੱਸਿਆ ਗਿਆ ਹੈ ਅਤੇ ਕੀਵੀ ਪਲਾਜਾ ਵਾਲਿਆਂ ਨੂੰ ਲੀ ਨੂੰ $5700 ਲੋਸਟ ਵੇਜਸ ਅਤੇ $9000 ਬਤੌਰ ਹਰਜਾਨੇ ਦੇ ਅਦਾ ਕਰਨ ਦੇ ਹੁਕਮ ਦਿੱਤੇ ਹਨ।