ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਜਾਂ ਅਮਰੀਕਾ ਜਾਂ ਇਨ੍ਹਾਂ ਵਰਗੇ ਹੋਰ ਦੇਸ਼ ਜਿੱਥੇ ਕੋਰੋਨਾ ਦੇ ਨਵੇਂ ਮਿਊਟੇਂਟ ਦਾ ਕਹਿਰ ਜਾਰੀ ਹੈ, ਸਿਰਫ ਉਨ੍ਹਾਂ ਦੇਸ਼ਾਂ ਨਿਊਜੀਲੈਂਡ ਵਲੋਂ ਬਾਰਡਰ ਬੰਦ ਕੀਤੇ ਜਾਣਾ ਬਹੁਤ ਔਖਾ ਹੈ, ਇਸ ਗੱਲ ਦੀ ਵਿਸਥਾਰ ਜਾਣਕਾਰੀ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਫਿਲਟਰ ਕਰਨਾ ਬਹੁਤ ਔਖਾ ਹੋਏਗਾ ਤੇ ਇਹ ਨਿਊਜੀਲੈਂਡ ਲਈ ਨਕਰਾਤਮਕ ਸਾਬਿਤ ਹੋਏਗਾ।
ਇਸ ਖਤਰੇ ਤੋਂ ਸਿਰਫ ਬਾਰਡਰ ਪੂਰੀ ਤਰ੍ਹਾਂ ਬੰਦ ਕਰਕੇ ਹੀ ਬਚਿਆ ਜਾ ਸਕਦਾ ਹੈ, ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਡੇ ਲਈ ਕਈ ਪੱਖੋਂ ਮਾਰੂ ਸਾਬਿਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਮੈਡੀਕਲ ਸਪਾਲਈ ਅਜਿਹੇ ਬਾਹਰੀ ਦੇਸ਼ਾਂ ਤੋਂ ਹੀ ਆਉਂਦੀ ਹੈ ਅਤੇ ਉਹ ਵੀ ਹਵਾਈ ਮਾਰਗ ਰਾਂਹੀ। ਇਸ ਤੋਂ ਇਲਾਵਾ ਐਕਸਪੋਰਟ ਦਾ ਕੰਮ ਵੀ ਇਸ ਕਰਕੇ ਖਤਮ ਹੋ ਜਾਏਗਾ, ਜਿਸ ਵਿੱਚ ਖੇਤੀਬਾੜੀ ਨਾਲ ਸਬੰਧਤ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ, ਜੋ ਨਿਊਜੀਲ਼ੈਂਡ ਦੀ ਐਕਸਪੋਰਟ ਕਮਾਈ ਦਾ ਮੁੱਖ ਜਰੀਆ ਹਨ।
ਦੱਸਦੀਏ ਕਿ ਕ੍ਰਿਸ ਹਿਪਕਿਨਸ ਦੀ ਇਹ ਬਿਆਨਬਾਜੀ ਉਸ ਵੇਲੇ ਆਈ ਹੈ, ਜਦੋਂ ਮਾਹਿਰਾਂ ਵਲੋਂ ਸਰਕਾਰ 'ਤੇ ਅਮਰੀਕਾ ਤੇ ਯੂਕੇ ਲਈ ਬਾਰਡਰ ਬੰਦ ਕਰਨ ਦੀ ਦਬਾਅ ਬਣਾਇਆ ਜਾ ਰਿਹਾ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਮੈਨੇਜਡ ਆਈਸੋਲੇਸ਼ਨ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਕੋਰੋਨਾ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।