ਆਕਲੈਂਡ (ਹਰਪ੍ਰੀਤ ਸਿੰਘ) - ਚੀਨੀ ਮੂਲ ਦੀ ਫਿਓਨਾ ਜੀਆਓ ਨੂੰ ਡਰ ਹੈ ਕਿ ਇਮੀਗ੍ਰੇਸ਼ਨ ਨਿਊਜੀਲ਼ੈਂਡ ਉਸ ਨੂੰ ਡਿਪੋਰਟ ਕਰਕੇ ਉਸਦੇ 5 ਸਾਲਾ ਪੁੱਤਰ ਜੋ ਕਿ ਨਿਊਜੀਲੈਂਡ ਸੀਟੀਜਨ ਹੈ, ਉਸ ਤੋਂ ਵੱਖ ਕਰ ਦੇਵੇਗੀ ਤੇ ਇਸੇ ਲਈ ਉਹ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਅਧਿਕਾਰੀਆਂ ਤੋਂ ਲੁਕਦੀ-ਫਿਰਦੀ ਹੈ।
2006 ਵਿੱਚ ਜਿਆਓ ਨਿਊਜੀਲੈਂਡ ਆਈ ਸੀ ਤੇ 2015 ਵਿੱਚ ਉਸਨੇ ਆਪਣੇ ਪੁੱਤਰ ਨੂੰ ਨਿਊਜੀਲੈਂਡ ਵਿੱਚ ਜਨਮ ਦਿੱਤਾ ਸੀ, ਉਸਤੋਂ ਬਾਅਦ ਉਹ ਆਪਣੇ ਘਰਵਾਲੇ ਤੋਂ ਵੱਖ ਹੋ ਗਈ ਤੇ ਉਸਦੇ ਪੁੱਤਰ ਦੀ ਸਾਂਭ-ਸੰਭਾਲ ਉਸ ਕੋਲ ਆ ਗਈ। ਪਰ ਜਿਆਓ ਨਿਊਜੀਲੈਂਡ ਵਿੱਚ ਪੱਕੀ ਨਹੀਂ ਸੀ ਤੇ ਇਸੇ ਕਰਕੇ ਵਾਰ-ਵਾਰ ਵੀਜੀਟਰ ਵੀਜੇ ਦੀਆਂ ਲਾਈਆਂ ਫਾਈਲਾਂ ਵੀ ਇਮੀਗ੍ਰੇਸ਼ਨ ਵਿਭਾਗ ਵਲੋਂ ਰੱਦ ਕੀਤੀਆਂ ਗਈਆਂ।
ਜਿਆਓ ਨੂੰ ਡਰ ਹੈ ਕਿ ਜੇ ਉਹ ਡਿਪੋਰਟ ਹੁੰਦੀ ਹੈ ਤਾਂ ਉਸਨੂੰ ਚੀਨ ਇੱਕਲਿਆਂ ਜਾਣਾ ਪਏਗਾ ਤੇ ਇਸ ਵੇਲੇ ਚੀਨ ਦੇ ਬਾਰਡਰ ਵਿਦੇਸ਼ੀਆਂ ਲਈ ਬੰਦ ਹਨ, ਇਸੇ ਕਰਕੇ ਉਸਦਾ ਪੱੁਤਰ ਉਸ ਨਾਲ ਨਹੀਂ ਜਾ ਸਕੇਗਾ। ਇਸੇ ਲਈ ਉਸਨੇ ਇਮੀਗ੍ਰੇਸ਼ਨ ਮੰਤਰੀ ਨੂੰ ਮਨੁੱਖਤਾ ਦੇ ਅਧਿਕਾਰ 'ਤੇ ਉਸਨੂੰ ਨਿਊਜੀਲੈਂਡ ਵਿੱਚ ਰਹਿਣ ਦੀ ਇਜਾਜਤ ਦੇਣ ਦੀ ਗੱਲ ਆਖੀ ਹੈ।
ਜਿਆਓ ਦੇ ਟੀਡੀਏ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਸਲਾਹਕਾਰ ਹੇਰਿਸ ਗੂ ਦਾ ਕਹਿਣਾ ਹੈ ਕਿ ਉਸ ਦੇ ਕੇਸ ਵਿੱਚ ਸਭ ਤੋਂ ਵੱਡੀ ਸੱਮਸਿਆ ਹੈ ਕਿ ਉਹ ਆਪਣੇ ਪੁੱਤਰ ਅਤੇ ਆਪਣੇ ਵਿਚਾਲੇ ਰਿਸ਼ਤੇ ਸਬੰਧੀ ਕੋਈ ਦਸਤਾਵੇਜ ਪੇਸ਼ ਕਰਨ ਵਿੱਚ ਅਸਮਰਥ ਹੈ, ਜਿਸ ਕਰਕੇ ਖਾਸ ਇਮੀਗ੍ਰੇਸ਼ਨ ਅਧਿਕਾਰਾਂ ਦੀ ਵਰਤੋਂ ਕਰਕੇ ਹੀ ਉਸਨੂੰ ਨਿਊਜੀਲ਼ੈਂਡ ਰਹਿਣ ਦੀ ਇਜਾਜਤ ਦਿੱਤੀ ਜਾ ਸਕਦੀ ਹੈ।