ਆਕਲੈਂਡ (ਹਰਪ੍ਰੀਤ ਮਿੰਘ) - ਜਰਮਨ ਮੈਗਜੀਨ ਵਲੋਂ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਦੀ ਰੱਜ ਕੇ ਤਾਰੀਫ ਕਰਦਿਆਂ ਉਨ੍ਹਾਂ ਨੂੰ ਦੁਨੀਆਂ ਦੀ ਸਭ ਤੋਂ ਵਧੀਆ ਲੀਡਰ ਐਲਾਨਿਆ ਹੈ।
ਇਸ ਮੈਗਜੀਨ ਦਾ ਨਾਮ 'ਵਿਊ' ਹੈ ਅਤੇ ਇਸ ਦੇ ਜਨਵਰੀ ਦੇ ਅੰਕ ਵਿੱਚ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਸਬੰਧੀ ਜੈਸਿੰਡਾ ਆਰਡਨ ਨੂੰ ਕਾਫੀ ਸਲਾਹਿਆ ਗਿਆ ਹੈ।
ਮੈਗਜੀਨ ਵਿੱਚ ਨਿਊਜੀਲੈਂਡ ਵਿੱਚ ਹੋਏ ਰਗਬੀ ਦੇ ਉਸ ਮੈਚ ਬਾਰੇ ਵੀ ਜਿਕਰ ਕੀਤਾ ਗਿਆ ਹੈ, ਜਿਸ ਵਿੱਚ ਇੱਕ ਪਾਸੇ ਤਾਂ ਹਜਾਰਾਂ ਦੀ ਗਿਣਤੀ ਵਿੱਚ ਲੋਕ ਇੱਕਠੇ ਹੋਏ ਸਨ ਤੇ ਦੂਜੇ ਪਾਸੇ ਦੁਨੀਆਂ ਭਰ ਵਿੱਚ ਲੌਕਡਾਊਨ ਲੱਗਿਆ ਹੋਇਆ ਸੀ।
ਮੈਗਜੀਨ ਨੇ 2017 ਤੋਂ ਹੀ ਜੈਸਿੰਡਾ ਆਰਡਨ ਬਾਰੇ ਲਿਖਿਆ ਹੈ ਕਿ ਜਦੋਂ ਦੀ ਜੈਸਿੰਡਾ ਪ੍ਰਧਾਨ ਮੰਤਰੀ ਬਣੀ ਹੈ, ਉਸਨੇ ਦੁਨੀਆਂ ਨੂੰ ਇੱਕ ਵੱਖਰੇ ਰੂਪ ਵਿੱਚ ਹੀ ਆਪਣੇ ਆਪ ਨੂੰ ਦਿਖਾਇਆ ਅਤੇ ਦਰਸਾਇਆ ਹੈ, ਜਿਸ ਦੀ ਹਰ ਇੱਕ ਨੇ ਤਾਰੀਫ ਕੀਤੀ ਹੈ।
ਮੈਗਜੀਨ ਦੇ ਜੈਸਿੰਡਾ ਆਰਡਨ ਸਬੰਧੀ ਫੀਚਰ ਨੂੰ 8 ਪੇਜਾਂ ਵਿੱਚ ਕਵਰ ਕੀਤਾ ਗਿਆ ਹੈ, ਜਿਸ 'ਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੀਆਂ ਫੋਟੋਆਂ ਤੋਂ ਲੈਕੇ ਹਰ ਮੱਹਤਵਪੂਰਨ ਪਲ ਦੀਆਂ ਫੋਟੋਆਂ ਲਾਈਆਂ ਗਈਆਂ ਹਨ। ਮੈਗਜੀਨ ਵਿੱਚ ਕ੍ਰਾਈਸਚਰਚ ਅੱਤਵਾਦੀ ਹਮਲੇ ਤੋਂ ਬਾਅਦ ਨਿਭਾਈ ਭੂਮਿਕਾ ਸਬੰਧੀ ਵੀ ਬਹੁਤ ਸ਼ਲਾਘਾ ਕੀਤੀ ਗਈ ਹੈ।