Friday, 26 February 2021
22 January 2021 New Zealand

ਆਕਲੈਂਡ ਦੇ ਘਰ `ਚ ਦੋ ਬੱਕਰਿਆਂ ਦੀ ਬਲੀ, ਨਿਭਾਈ ਧਾਰਮਿਕ ਰਸਮ, ਕੌਂਸਲ ਵੱਲੋਂ ਜਾਂਚ

ਆਕਲੈਂਡ ਦੇ ਘਰ `ਚ ਦੋ ਬੱਕਰਿਆਂ ਦੀ ਬਲੀ, ਨਿਭਾਈ ਧਾਰਮਿਕ ਰਸਮ, ਕੌਂਸਲ ਵੱਲੋਂ ਜਾਂਚ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) - ਇੱਥੋਂ ਦੇ ਇੱਕ ਸਬਅਰਬ ਕਲੈਂਡਨ ਪਾਰਕ ਦੇ ਇੱਕ ਘਰ `ਚ ਧਾਰਮਿਕ ਰਸਮ ਨਿਭਾਉਣ ਲਈ ਦੋ ਬੱਕਰਿਆਂ ਦੀ ਬਲੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਬਤ ਕੌਂਸਲ ਨੇ ਜਾਂਚ ਸ਼ੂਰੂ ਕਰ ਦਿੱਤੀ ਹੈ। ਹਾਲਾਂਕਿ ਪਰਿਵਾਰ ਨੇ ਅੱਗੇ ਤੋਂ ਅਜਿਹਾ ਕੰਮ ਕਰਨ ਤੋਂ ਤੋਬਾ ਕਰ ਲਈ ਹੈ ਕਿਉਂਕਿ ਕੌਂਸਲ ਦੇ ਨਿਯਮਾਂ ਦੇ ਮੁਤਾਬਕ ਅਜਿਹਾ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ `ਤੇ ਇੱਕ ਹਿੰਦੂ ਸਕੌਲਰ ਨੇ ਵੀ ਹੈਰਾਨੀ ਪ੍ਰਗਟ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਨੁਕਾਊ ਦੇ ਕਲੈਂਡਨ ਪਾਰਕ `ਚ ਰਹਿੰਦੇ ਇੱਕ ਫੀਜੀਅਨ ਮੂਲ ਦੇ ਪਰਿਵਾਰ `ਚ ਇਹ ਘਟਨਾ ਵਾਪਰੀ ਹੈ, ਜਿੱਥੇ ‘ਕੁਲੂ ਪੂਜਾ’ ਨਾਂ ਦੀ ਕੋਈ ਧਾਰਮਿਕ ਰਸਮ ਨਿਭਾਈ ਗਈ ਸੀ। ਖੁੱਲ੍ਹੇਆਮ ਦੋ ਬੱਕਰੇ ਝਟਕਾਉਣ ਦੇ ਮਾਮਲੇ ਦੀ ਸਿ਼ਕਾਇਤ ਪਿੱਛੋਂ ਆਕਲੈਂਡ ਕੌਂਸਲ ਅਧਿਕਾਰੀਆਂ ਨੇ ਮੌਕੇ `ਤੇ ਜਾ ਕੇ ਪੁੱਛ-ਪੜਤਾਲ ਕੀਤੀ ਸੀ। ਜਿਸ ਦੌਰਾਨ ਉੱਥੇ ਮੌਜੂਦ ਔਰਤ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੂੰ ਆਕਲੈਂਡ ਦੇ ਨਿਯਮਾਂ ਦਾ ਪਤਾ ਨਹੀਂ ਸੀ ਅਤੇ ਅੱਗੇ ਤੋਂ ਅਜਿਹਾ ਕੰਮ ਨਹੀਂ ਕਰਨਗੇ। ਹਾਲਾਂਕਿ ਉਨਾਂ ਨੇ ‘ਕੁਲੂ ਪੂਜਾ’ ਦੀ ਇਹ ਰਸਮ ਫੀਜੀ ਜਾ ਕੇ ਕਰਨੀ ਸੀ ਪਰ ਲੌਕਡਾਊਨ ਹੋਣ ਕਰਕੇ ਉੱਥੇ ਨਹੀਂ ਜਾ ਸਕੇ। ਪਰ ਉਨ੍ਹਾਂ ਸਿ਼ਕਾਇਤ ਕਰਨ ਵਾਲਿਆਂ ਦਾ ਬੁਰਾ ਮਨਾਇਆ ਹੈ।
ਇਸ ਰਸਮ `ਚ ਸ਼ਾਮਲ ਹੋਣ ਵਾਲੀ ਇੱਕ ਔਰਤ ਨੇ ਵੀ ਦਾਅਵਾ ਕੀਤਾ ਹੈ ਕਿ ਬੱਕਰੇ (ਬੱਕਰੀਆਂ) ਘਰ `ਚ ਬਣੀ ਹੋਈ ਇੱਕ ਧਾਰਮਿਕ ਜਗ੍ਹਾ ਦੇ ਨੇੜੇ ਬੰਨ੍ਹੇ ਹੋਏ ਸਨ ਅਤੇ ਇੱਕ ਵਿਅਕਤੀ ਚਾਕੂ ਤਿੱਖਾ ਕਰ ਰਿਹਾ ਸੀ। ਜਿਨ੍ਹਾਂ ਦੀ ਬਲੀ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਨੁਹਾ ਕੇ ਫਿਰ ਸੰਧੂਰ ਲਾ ਕੇ ਸਜਾਇਆ ਗਿਆ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਹਿਲਾਂ ਅਜਿਹੀ ਘਟਨਾ ਬੇਅ ਆਫ ਪਲੈਂਟੀ ਦੇ ਇੱਕ ਘਰ `ਚ ਵਾਪਰ ਚੁੱਕੀ ਹੈ।
ਹਾਲਾਂਕਿ ਆਕਲੈਂਡ ਦੇ ਨਿਯਮਾਂ ਅਨੁਸਾਰ ਸ਼ਹਿਰੀ ਖੇਤਰ ਦੇ 4 ਹਜ਼ਾਰ ਸੁਕੇਅਰ ਮੀਟਰ ਤੋਂ ਘੱਟ ਵਾਲੀ ਕਿਸੇ ਵੀ ਜਗ੍ਹਾ `ਚ ਜਾਨਵਰਾਂ ਦੀ ਵੱਢ-ਟੁੱਕ ਨਹੀਂ ਕੀਤੀ ਜਾ ਸਕਦੀ।
ਇਸ ਸਬੰਧੀ ਹਿੰਦੂ ਸਕੌਲਰ ਡਾ ਪੁਸ਼ਪਾ ਵੁੱਡ ਦਾ ਮੰਨਣਾ ਹੈ ਕਿ ਜਾਨਵਰਾਂ ਦੀ ਬਲੀ ਦੇਣੀ ਇੰਡੀਆ `ਚ ਆਮ ਗੱਲ ਹੈ ਪਰ ਇੱਥੇ ਅਜਿਹਾ ਕੱੁਝ ਵਾਪਰਨਾ ਹੈਰਾਨੀਜਨਕ ਹੈ ਅਤੇ ਨਿਊਜ਼ੀਲੈਂਡ `ਚ ਵਾਪਰਨ ਵਾਲੀਆਂ ਦੋ ਘਟਨਾਵਾਂ ਚਿੰਤਾਜਨਕ ਹਨ।
ਆਕਲੈਂਡ ਕੌਂਸਲ ਦੇ ਅਧਿਕਾਰੀ ਡਿਰਕ ਟਿੰਪ ਅਨੁਸਾਰ ਸਿ਼ਕਾਇਤ ਮਿਲਣ ਪਿੱਛੋਂ ਸਬੰਧਤ ਘਰ `ਚ ਜਾ ਕੇ ਪੱੁਛ-ਪੜਤਾਲ ਕੀਤੀ ਗਈ ਸੀ ਅਤੇ ਘਰ ਵਾਲਿਆਂ ਨੇ ਮੰਨ ਲਿਆ ਹੈ ਕਿ ਦੋ ਬੱਕਰਿਆਂ ਨੂੰ ਝਟਕਾਇਆ ਗਿਆ ਸੀ। ਉਨ੍ਹਾਂ ਮਾਫੀ ਮੰਗ ਲਈ ਹੈ ਆਤੇ ਅੱਗੇ ਅਜਿਹਾ ਨਾ ਕਰਨ ਦਾ ਭਰੋਸਾ ਦਿਵਾਇਆ ਹੈ।

ADVERTISEMENT
NZ Punjabi News Matrimonials