ਆਕਲੈਂਡ (ਹਰਪ੍ਰੀਤ ਸਿੰਘ) - ਮੈਂਗਾਵਾਈ ਦੀ ਕੰਸਟਰਕਸ਼ਨ ਕੰਪਨੀ ਕਰਾਫਟਬਿਲਡ ਵਲੋਂ ਭਾਰਤੀਆਂ ਖਿਲਾਫ ਕੀਤੇ ਇਸ਼ਤਿਹਾਰ ਨੂੰ ਲੈਕੇ ਲੋਕਲ ਭਾਰਤੀ ਭਾਈਚਾਰਾ ਬਹੁਤ ਗੁੱਸੇ ਵਿੱਚ ਹੈ।
ਦਰਅਸਲ ਕੰਪਨੀ ਨੇ ਇੱਕ ਇਸ਼ਤਿਹਾਰ ਦਿੱਤਾ ਸੀ ਕਿ 10 ਭਾਰਤੀਆਂ ਤੋਂ ਕੰਮ ਕਰਵਾਉਣ ਦਾ ਕੋਈ ਫਾਇਦਾ ਨਹੀਂ, ਜਿਨ੍ਹਾਂ ਕੋਲ ਨਾ ਤਾਂ ਕੰਮ ਦੀ ਡਿਗਰੀ ਹੈ ਤੇ ਨਾ ਹੀ ਕੰਮ ਲਈ ਕੋਈ ਸਨਮਾਨ। ਇਨ੍ਹਾਂ ਨੂੰ ਤਾਂ ਕੰਮ ਮੁਕਾਉਣ ਦੀ ਕਾਹਲੀ ਹੁੰਦੀ ਹੈ। ਪਰ ਕਰਾਫਟਬਿਲਡ ਦਾ ਮਾਲਕ ਇੱਕ ਲਾਇਸੈਂਸਸ਼ੁਦਾ ਤੇ ਮੁਹਾਰਤ ਹਾਸਿਲ ਕਾਰਪੇਂਟਰ ਹੈ, ਜੋ ਤੁਹਾਡੇ ਕੰਮ ਨੂੰ ਸਮੇਂ ਸਿਰ, ਬਿਨ੍ਹਾਂ ਫਾਲਤੂ ਖਰਚਿਆਂ ਤੋਂ ਸਿਰੇ ਚੜਾਉਂਦਾ ਹੈ।
ਇਸ ਸਬੰਧੀ ਜਦੋਂ ਮੀਡੀਆ ਨੇ ਕੰਪਨੀ ਦੇ ਡਾਇਰੇਕਟਰ ਮਾਈਕ ਵਾਟਸਨ ਤੋਂ ਜੁਆਬਦੇਹੀ ਲੈਣੀ ਚਾਹੀ ਤਾਂ ਉਸ ਵਲੋਂ ਕੋਈ ਜੁਆਬ ਅਜੇ ਤੱਕ ਨਹੀਂ ਦਿੱਤਾ ਗਿਆ ਹੈ।
ਦੂਜੇ ਪਾਸੇ ਰੇਸ ਰਿਲੇਸ਼ਨ ਕਮਿਸ਼ਨਰ ਮੈਂਗ ਫੂਨ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਇੱਕ ਕਾਰੋਬਾਰੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਨਸਲੀ ਟਿੱਪਣੀਆਂ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਸ਼ਬਦਾਵਲੀ ਬਹੁਤ ਹੀ ਇਤਰਾਜਯੋਗ ਹੈ ਅਤੇ ਨਿਊਜੀਲੈਂਡ ਵਿੱਚ ਇਸ ਲਈ ਕੋਈ ਥਾਂ ਨਹੀਂ ਹੈ।