ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ `ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦਿਨੋਂ ਦਿਨ ਘਟ ਰਹੀ ਹੈ, ਜੋ ਪਹਿਲਾਂ ਨਾਲੋਂ ਅੱਧੀ ਤੋਂ ਵੀ ਘਟ ਗਈ ਹੈ। ਹਾਲਾਤ ਅਜਿਹੇ ਹਨ ਕਿ ਕਈ ਸਕੂਲ-ਕਾਲਜ ਤਾਂ ਸਰਕਾਰ ਦੇ ਸਹਾਰੇ ਚੱਲ ਰਹੇ ਹਨ ਅਤੇ ਅੱਗੇ ਤੋਂ ਵੀ ਸਰਕਾਰੀ ਸਹਾਇਤਾ ਦੀ ਆਸ ਲਾਈ ਬੈਠੇ ਹਨ ਕਿਉਂਕਿ ਅਗਲੇ ਸਮੇਂ ਦੌਰਾਨ ਵੀ ਇਹ ਗਿਣਤੀ ਵਧਣ ਦੀ ਸੰਭਾਵਨਾ ਨਹੀਂ ਹੈ।
ਇਮੀਗਰੇਸ਼ਨ ਨਿਊਜ਼ੀਲੈਂਡ ਦੇ ਅੰਕੜੇ ਅਨੁਸਾਰ ਦੇਸ਼ `ਚ ਇਸ ਵੇਲੇ 38 ਹਜ਼ਾਰ 954 ਇੰਟਰਨੈਸ਼ਨਲ ਸਟੂਡੈਂਟਸ ਹਨ, ਜਦੋਂ ਕਿ ਕਿਸੇ ਵੇਲੇ ਇਹ 86 ਹਜ਼ਾਰ ਦੇ ਆਸ-ਪਾਸ ਸੀ। 38 ਹਜ਼ਾਰ ਚੋਂ 13 ਹਜ਼ਾਰ 106 ਸਟੂਡੈਂਟਸ ਕੋਲ ਯੂਨੀਵਰਸਿਟੀ ਪੜ੍ਹਾਈ ਵਾਲਾ ਵੀਜ਼ਾ ਹੈ। ਹਾਲਾਂਕਿ ਕਿ ਯੂਨੀਵਰਸਿਟੀਜ਼ ਨਿਊਜ਼ੀਲੈਂਡ ਦੇ ਡਾਇਰੈਕਟਰ ਕਰਿਸ ਵੇਲਨ ਦਾ ਕਹਿਣਾ ਹੈ ਕਿ ਇਹ 13 ਹਜ਼ਾਰ ਤੋਂ ਵੀ ਘੱਟ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਕਰਕੇ ਯੂਨੀਵਰਸਿਟੀਜ਼ ਵਿੱਚ ਹਰ ਸਾਲ ਕਰੀਬ 22 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਹਨ। ਪਰ ਇਸ ਸਾਲ ਅੱਧੇ ਹੀ ਆਉਣ ਦੀ ਉਮੀਦ ਹੈ। ਜਿਸ ਨਾਲ ਯੂਨੀਵਰਟਿਸੀਜ਼ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਕੂਲਜ ਇੰਟਰਨੈਸ਼ਨਲ ਐਜੂਕੇਸ਼ਨ ਬਿਜ਼ਨਸ ਐਸੋਸੀਏਸ਼ਨ ਦੇ ਚੇਅਰਪਰਸਨ ਪੈਟਰਿਕ ਵਾਲਸ਼ ਦਾ ਕਹਿਣਾ ਹੈ ਕਿ ਉਸਦੇ ਆਪਣੇ ਸਕੂਲ `ਚ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੋ ਤਿਹਾਈ ਰਹਿ ਗਈ ਹੈ।
ਇੰਗਲਿਸ਼ ਨਿਊਜ਼ੀਲੈਂਡ ਦੇ ਚੇਅਰਪਰਸ ਡੈਰਿਨ ਕੌਨਵੇਅ ਨੇ ਵੀ ਦਾਅਵਾ ਕੀਤਾ ਹੈ ਕਿ ਹਾਲ ਦੀ ਘੜੀ ਲੈਂਗੂਏਜ ਸਕੂਲਾਂ `ਚ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖ਼ਲੇ ਘਟੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪੂਰੇ ਦੇਸ਼ `ਚ ਇੱਕ ਹਜ਼ਾਰ ਵਿਦਿਆਰਥੀ ਇੰਗਲਿਸ਼ ਕੋਰਸ ਕਰ ਰਹੇ ਹਨ ਅਤੇ ਸਾਲ ਦੇ ਅੰਤ ਤੱਕ ਗਿਣਤੀ ਵਧਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਐਮਰਜੈਂਸੀ ਫੰਡਿੰਗ ਨਾਲ ਕੱੁਝ ਸਕੂਲਾਂ-ਕਾਲਜਾਂ ਨੂੰ ਜੂਨ ਤੱਕ ਆਪਣਾ ਵਜੂਦ ਬਚਾਉਣ `ਚ ਮੱਦਦ ਮਿਲੇਗੀ। ਪਰ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਛੇਤੀ ਤੋਂ ਛੇਤੀ ਸਰਕਾਰ ਦੀ ਯੋਜਨਾਬੰਦੀ ਬਾਰੇ ਜਾਨਣ ਦੀ ਕੋਸਿ਼ਸ਼ ਕਰਨ ਕਿ ਜੂਨ ਮਹੀਨੇ ਤੋਂ ਬਾਅਦ ਸਰਕਾਰ ਕਿਸ ਢੰਗ ਨਾਲ ਮੱਦਦ ਕਰੇਗੀ।