ਆਕਲੈਂਡ (ਹਰਪ੍ਰੀਤ ਸਿੰਘ) - ਆਨਲਾਈਨ ਧੋਖਾਧੜੀਆਂ ਕਿਸ ਤਰ੍ਹਾਂ ਕਿਸੇ ਦੀ ਵੱਡਮੁੱਲੀ ਕਮਾਈ ਨੂੰ ਮਿਟਾਂ ਵਿੱਚ ਖਤਮ ਕਰ ਦਿੰਦੀਆਂ ਹਨ, ਇਸ ਦੀ ਤਾਜਾ ਉਦਾਹਰਨ ਪੱਛਮੀ ਆਕਲੈਂਡ ਤੋਂ ਸਾਹਮਣੇ ਆਈ ਹੈ, ਜਿੱਥੋਂ ਦੀ ਰਹਿਣ ਵਾਲੀ ਰੋਬਿਨ ਨੋਕਸ ਤੇ ਬਰੂਸ ਨੇ ਆਕਲੈਂਡ ਦੀ ਇੱਕ ਕੰਪਨੀ ਆਪਣਾ ਬਾਥਰੂਮ ਰਿਮਾਡਲ ਕਰਨ ਲਈ ਕਿਹਾ ਸੀ, ਜਿਸ ਲਈ ਬੀਤੀ 15 ਅਕਤੂਬਰ ਨੂੰ ਉਨ੍ਹਾਂ ਨੂੰ $13,836 ਦੀ ਡਿਪਾਜਿਟ ਇਨਵਾਇਸ ਭੇਜੀ ਗਈ, ਰੋਬਿਨ ਨੋਕਸ ਨੇ ਇਸ ਲਈ ਹਾਮੀ ਭਰਦਿਆਂ ਨਵੰਬਰ 2 ਨੂੰ ਇਸ ਦੀ ਅਦਾਇਗੀ ਕਰਨ ਦੀ ਗੱਲ ਆਖੀ। ਪਰ ਅਕਤੂਬਰ 26 ਨੂੰ ਉਸੇ ਈ-ਮੇਲ ਤੋਂ ਰੋਬਿਨ ਨੂੰ ਈਮੇਲ ਆਈ ਕਿ ਕੰਪਨੀ ਨੇ ਆਪਣੇ ਖਾਤੇ ਨੂੰ ਕੀਵੀਬੈਂਕ ਵਿੱਚ ਤਬਦੀਲ ਕਰ ਲਿਆ ਹੈ ਅਤੇ ਭੁਗਤਾਨ ਨਵੇਂ ਖਾਤੇ ਵਿੱਚ ਕੀਤਾ ਜਾਏ।
ਸਭ ਕੁਝ ਸਧਾਰਨ ਸਮਝਦਿਆਂ ਰੋਬਿਨ ਨੇ ਅਦਾਇਗੀ ਕਰ ਦਿੱਤੀ ਤੇ ਦੁਬਾਰਾ ਤੋਂ ਦੂਜੀ ਕਿਸ਼ਤ ਦੀ ਅਦਾਇਗੀ, ਜੋ ਕਿ $7000 ਵੀ ਕੰਪਨੀ ਨੂੰ ਨਵੇਂ ਖਾਤੇ ਵਿੱਚ ਜਨਵਰੀ 5 ਨੂੰ ਕਰ ਦਿੱਤੀ।
ਪਰ ਜਨਵਰੀ 11 ਨੂੰ ਬਾਥਰੂਮ ਕੰਪਨੀ ਨੇ ਦੁਬਾਰਾ ਤੋਂ ਜੋੜੇ ਨਾਲ ਸੰਪਰਕ ਕੀਤਾ ਤੇ ਪੈਸੇ ਡਿਪਾਜਿਟ ਕਰਨ ਲਈ ਕਿਹਾ। ਇਸ 'ਤੇ ਰੋਬਿਨ ਨੇ ਸਾਰੀਆਂ ਰਸੀਦਾਂ ਕੰਪਨੀ ਨੂੰ ਈਮੇਲ ਕਰ ਦਿੱਤੀਆਂ।
ਪਰ ਜਦੋਂ ਅਸਲੀਅਤ ਸਾਹਮਣੇ ਆਈ ਤਾਂ ਦੋਨਾਂ ਦੇ ਹੋਸ਼ ਉੱਡ ਗਏ, ਕਿਉਂਕਿ ਜਿਸ ਖਾਤੇ ਵਿੱਚ ਪੈਸੇ ਪਾਏ ਗਏ ਸਨ, ਉਹ ਕੰਪਨੀ ਦੇ ਨਹੀਂ ਸਨ ਤੇ ਉਨ੍ਹਾਂ ਖਾਤਿਆਂ ਵਿੱਚ ਇੱਕ ਵੀ ਪੈਸਾ ਬੈਲੈਂਸ ਨਹੀਂ ਪਿਆ ਸੀ।
ਛਾਣਬੀਣ ਹੋਈ ਤਾਂ ਸਾਹਮਣੇ ਆਇਆ ਕਿ ਕੰਪਨੀ ਮਾਲਕ ਦੇ ਈਮੇਲ ਖਾਤੇ ਨੂੰ ਹੈਕ ਕਰਕੇ, ਹੈਕਰਾਂ ਵਲੋਂ ਰੋਬਿਨ ਨੂੰ ਈਮੇਲਾਂ ਕੀਤੀਆਂ ਗਈਆਂ ਸਨ ਤੇ ਹੈਕਰ ਨਾਈਜੀਰੀਆ ਨਾਲ ਸਬੰਧਤ ਸਨ।
ਰੋਬਿਨ ਤੇ ਉਸਦੇ ਪਤੀ ਨੇ ਇਸ ਸਬੰਧਤ ਆਨਲਾਈਨ ਸ਼ਿਕਾਇਤ ਤਾਂ ਪੁਲਿਸ ਨੂੰ ਦਰਜ ਕਰਵਾਈ ਸੀ, ਪਰ ਉਸਦਾ ਫਾਇਦਾ ਅਜੇ ਤੱਕ ਦੋਨਾਂ ਨੂੰ ਨਹੀਂ ਮਿਲਿਆ ਤੇ ਹੁਣ ਜੋੜਾ ਵੱਧ ਤੋਂ ਵੱਧ ਲੋਕਾਂ ਨੂੰ ਆਪਬੀਤੀ ਦੱਸਕੇ ਜਾਗਰੂਕ ਕਰਨਾ ਚਾਹੁੰਦਾ ਹੈ ਤਾਂ ਜੋ ਕੋਈ ਵੀ ਅਜਿਹੀ ਧੋਖਾਧੜੀ ਦਾ ਸ਼ਿਕਾਰ ਨਾ ਹੋਏ।