ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੀ ਸਰਕਾਰ ਅਤੇ ਸੇਹਤ ਮਹਿਕਮਾ ਲਗਾਤਾਰ ਕਰੋਨਾ ਵਾਇਰਸ ਖਿਲਾਫ਼ ਲੜਾਈ ਲੜ ਰਹੇ ਹਨ | ਪਰ ਕਰੋਨਾ ਵਾਇਰਸ ਵੀ ਇੱਕ ਤਕੜਾ ਸੈਨਿਕ ਹੈ ,ਜੋ ਨਿਊਜ਼ੀਲੈਂਡ ਦੇ ਬਾਰਡਰਾਂ ਤੋਂ ਭਜਾ ਦੇਣ ਤੋਂ ਬਾਅਦ ਮੁੜ ਮੁੜ ਦਸਤਕ ਦਿੰਦਾ ਹੈ |
ਅੱਜ ਦਿਨ ਵੀਰਵਾਰ ਨੂੰ ਡਾਇਰੈਕਟਰ ਜਰਨਲ ਡਾਕਟਰ ਐਸਲੇ ਬਲੂਮਫਿਲਡ ਅਤੇ ਹੈਲਥ ਮਨਿਸਟਰ ਕ੍ਰਿਸ ਹਿਪਕਨਸ ਨੇ ਕਰੋਨਾ ਬਾਬਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਅੱਜ ਸੱਤ ਕਰੋਨਾ ਦੇ ਨਵੇਂ ਮਾਮਲੇ ਆਏ ਹਨ , ਉਹਨਾਂ ਵਿਚ ਛੇ ਮੈਨਜ਼ਡ ਆਈਸੋਲੇਸ਼ਨ ਵਿਚ ਹਨ ਅਤੇ ਜੋ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਕੇਸ ਕਮਿਊਨਟੀ ਆਊਟ ਬ੍ਰੇਕ ਦਾ ਹੈ | ਇਸ ਵਿਚ ਇੱਕ ਆਕਲੈਂਡ ਦੀ ਉਸ ਬੀਬੀ ਦਾ ਕੇਸ ਸਾਹਮਣੇ ਆਇਆ ਹੈ ਜਿਸਦਾ ਪਤੀ ਅਤੇ ਪੁੱਤਰ ਪਹਿਲਾ ਹੀ ਕੋਵਿਡ ਪਾਜੀਟਿਵ ਹਨ | ਉਕਤ ਮਹਿਲਾ ਦਾ 27 ਅਤੇ 30 ਜਨਵਰੀ ਨੂੰ ਕੀਤਾ ਟੈਸਟ ਨੈਗਟਿਵ ਆਇਆ ਪਰ 2 ਫਰਵਰੀ ਨੂੰ ਕੀਤਾ ਟੈਸਟ ਪਾਜੀਟਿਵ ਆ ਗਿਆ ਹੈ | ਹੁਣ ਇਸ ਮਹਿਲਾ ਨੂੰ ਮੈਨਜ਼ਡ ਆਈਸੋਲੇਸ਼ਨ ਵਿਚ ਸਿਫਟ ਕੀਤਾ ਗਿਆ ਹੈ , ਇਸੇ ਦੇ ਚੱਲਦੇ ਹੀ 5130 ਲੋਕਾਂ ਦੇ ਬੀਤੇ ਦਿਨ ਕਰੋਨਾ ਟੈਸਟ ਵੀ ਕੀਤੇ ਗਏ ਹਨ |
ਨਿਊਜ਼ੀਲੈਂਡ ਦੀ ਹੈਲਥ ਮਨਿਸਟਰੀ ਨੇ ਇੱਕ ਵਾਰ ਫਿਰ ਆਕਲੈਂਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਹਰ ਜਾਂਦੇ ਸਮੇਂ ਕੋਵਿਡ ਟਰੇਸਿੰਗ ਐਪ ਦੀ ਵਰਤੋਂ ਕਰੇ ਅਤੇ ਹੋਰ ਜਿੰਨੇ ਇਹਤਿਆਤ ਜਰੂਰੀ ਨੇ ਉਹਨਾਂ ਦੀ ਵਰਤੋਂ ਕਰੇ |