ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਗਲੋਬਲ ਸੇਫਰ ਇੰਟਰਨੈਟ ਡੇਅ ਹੈ ਤੇ ਨੈਟਸੇਫ ਦੀ ਜਾਰੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਬੀਤੇ ਸਾਲ ਵਿੱਚ ਆਨਲਾਈਨ ਧੋਖਾਧੜੀਆਂ ਵਿੱਚ 23% ਦਾ ਵਾਧਾ ਹੋਇਆ ਹੈ ਤੇ ਇਸ ਕਰਕੇ ਨਿਊਜੀਲੈਂਡ ਵਾਸੀਆਂ ਨੂੰ $19 ਮਿਲੀਅਨ ਆਨਲਾਈਨ ਧੋਖਾਧੜੀਆਂ ਕਰਕੇ ਗੁਆਉਣੇ ਪਏ ਹਨ।
ਨਿਊਜੀਲੈਂਡ ਇੰਟਰਨੈਟ ਸੇਫਟੀ ਵਾਚਡੋਗ ਦੇ ਅਨੁਸਾਰ ਲੌਕਡਾਊਨ ਦੇ ਦਿਨਾਂ ਵਿੱਚ ਅਜਿਹੀਆਂ ਧੋਖਾਧੜੀਆਂ ਵਿੱਚ ਭਾਰੀ ਵਾਧਾ ਹੋਇਆ ਹੈ।
ਨੈਟਸੇਫ ਦੇ ਸੀਈਓ ਮਾਰਟੀਨ ਕੋਕਰ ਅਨੁਸਾਰ ਜਿਨ੍ਹੀਂ ਵਾਰ ਵੀ ਲੌਕਡਾਊਨ ਦੀ ਸਥਿਤੀ ਆਈ ਹੈ, ਉਨ੍ਹਾਂ ਦਿਨਾਂ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਆਮ ਨਾਲੋਂ ਕਿਤੇ ਜਿਆਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਦਾ ਕਾਰਨ ਹੈ ਨਿਊਜੀਲੈਂਡ ਵਾਸੀਆਂ ਦਾ ਆਨਲਾਈਨ ਸ਼ਾਪਿੰਗ ਵਰਗੀਆਂ ਗਤੀਵਿਧੀਆਂ ਦੌਰਾਨ ਜਿਆਦਾ ਸਤਰਕ ਨਾ ਹੋਣਾ।
ਉਨ੍ਹਾਂ ਦੱਸਿਆ ਕਿ ਅਕਤੂਬਰ ਤੋਂ ਦਸੰਬਰ ਵਿਚਾਲੇ ਹੀ ਅਜਿਹੀਆਂ 3814 ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿੱਚੋਂ 60% ਦੇ ਲਗਭਗ ਸਿਕਾਰ ਹੋਣ ਵਾਲੀਆਂ ਮਹਿਲਾਵਾਂ ਸਨ।