ਆਕਲੈਂਡ (ਹਰਪ੍ਰੀਤ ਸਿੰਘ) - ਤੁਰਕੀ ਬਾਰਡਰ 'ਤੇ ਸੀਰੀਆ ਰਾਂਹੀ ਆਪਣੇ 2 ਬੱਚਿਆਂ ਸਮੇਤ ਦਾਖਿਲ ਹੋਣ ਵਾਲੀ ਜਿਸ ਮਹਿਲਾ ਨੂੰ ਤੁਰਕੀ ਬਾਰਡਰ ਫੋਰਸ ਵਲੌਂ ਡਿਟੇਨ ਕੀਤਾ ਗਿਆ ਸੀ, ਉਹ ਇੱਕ ਆਸਟ੍ਰੇਲੀਆਈ ਮਹਿਲਾ ਸੀ, ਜਿਸਨੇ ਨਿਊਜੀਲੈਂਡ 6 ਸਾਲ ਦੀ ਉਮਰ ਵਿੱਚ ਛੱਡ ਦਿੱਤਾ ਸੀ। ਉਹ ਆਸਟ੍ਰੇਲੀਆਈ ਪਾਸਪੋਰਟ ;ਤੇ ਟਰੈਵਲ ਕਰਕੇ ਸੀਰੀਆ ਪੁੱਜੀ ਸੀ, ਜਿੱਥੋਂ ਉਸਨੇ ਇਹ ਕਦਮ ਚੁੱਕਿਆ ਤੇ ਉਸ 'ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲੱਗੇ ਹਨ।
ਇਸ ਮਾਮਲੇ ਵਿੱਚ ਆਸਟ੍ਰੇਲੀਆ ਵਲੋਂ ਆਪਣਾ ਪੱਲਾ ਝਾੜ ਲਿਆ ਗਿਆ ਹੈ, ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਆਸਟ੍ਰੇਲੀਆ ਦੇ ਇਸ ਫੈਸਲੇ ਤੋਂ ਨਾਖੁਸ਼ ਹਨ ਅਤੇ ਉਨ੍ਹਾਂ ਇਸ ਲਈ ਆਸਟ੍ਰੇਲੀਆ ਦੀ ਅਲੋਚਨਾ ਵੀ ਕੀਤੀ ਹੈ, ਕਿ ਆਸਟ੍ਰੇਲੀਆ ਸਰਕਾਰ ਨੇ ਇਸ ਮਹਿਲਾ ਅਤੇ ਉਸਦੇ ਬੱਚਿਆਂ ਦੇ ਮਾਮਲੇ ਵਿੱਚ ਉਸਦੀ ਨਾਗਰਿਕਤਾ ਰੱਦ ਕਰਨ ਦਾ ਜੋ ਫੈਸਲਾ ਲਿਆ ਹੈ, ਉਹ ਬਹੁਤ ਹੀ ਕਠੋਰ ਫੈਸਲਾ ਹੈ।
ਉਨ੍ਹਾਂ ਬੱਚਿਆਂ ਦੀ ਭੂਮਿਕਾ ਸਬੰਧੀ ਵੀ ਆਸਟ੍ਰੇਲੀਆ ਦੀ ਅਲੋਚਨਾ ਕੀਤੀ, ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬੱਚੇ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਦੀ ਭਲਾਈ ਆਸਟ੍ਰੇਲੀਆਈ ਸਰਕਾਰ ਲਈ ਸਰਵੋਤਮ ਹੋਣੀ ਚਾਹੀਦੀ ਸੀ, ਜੋ ਕਿ ਆਸਟ੍ਰੇਲੀਆਈ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਜੇ ਬੱਚੇ ਨਿਊਜੀਲੈਂਡ ਆਉਂਦੇ ਹਨ ਤਾਂ ਉਨ੍ਹਾਂ ਦਾ ਕੋਈ ਵੀ ਨਜਦੀਕੀ ਰਿਸ਼ਤੇਦਾਰ ਇੱਥੇ ਮੌਜੂਦ ਨਹੀਂ ਹੈ। ਪਰ ਇਸਦੇ ਬਾਵਜੂਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਤੁਰਕੀ ਅਥਾਰਟੀਆਂ ਨਾਲ ਬੱਚਿਆਂ ਸਬੰਧੀ ਗੱਲ ਕਰਨ ਬਾਰੇ ਕਿਹਾ ਹੈ।
ਦੂਜੇ ਪਾਸੇ ਆਸਟ੍ਰੇਲੀਆਈ ਸਰਕਾਰ ਦਾ ਕਹਿਣਾ ਹੈ ਕਿ ਜੋ ਵੀ ਦੋਹਰੀ ਨਾਗਰਿਕਤਾ ਵਾਲਾ ਵਿਅਕਤੀ ਕਿਸੇ ਅੱਤਵਾਦੀ ਗੱਤੀਵਿਧੀ ਵਿੱਚ ਫੜਿਆ ਜਾਂਦਾ ਹੈ ਤਾਂ ਕਾਨੂੰਨ ਅਨੁਸਾਰ ਉਸ ਦੀ ਨਾਗਰਿਕਤਾ ਰੱਦ ਕਰ ਦਿੱਤੀ ਜਾਂਦੀ ਹੈ ਅਤੇ ਅਜਿਹੇ ਮਾਮਲੇ ਵਿੱਚ ਨੈਸ਼ਨਲ ਸਕਿਓਰਟੀ ਨੂੰ ਸਰਕਾਰ ਸਭ ਤੋਂ ਉਪੱਰ ਰੱਖਦੀ ਹੈ।