ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਵਾਇਆਕਾਟੋ ਦੇ ਮੌਰਨਸਵਿਲ ਇਲਾਕੇ ਦੇ ਇੱਕ ਮਾਲਕ ਨੂੰ ਕਰੀਬ 5 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ ਕਿਉਂਕਿ ਉਹ 26 ਗਾਵਾਂ ਨੂੰ ਲੋੜ ਨਾਲੋਂ ਅੱਧਾ ਚਾਰਾ ਹੀ ਪਾਉਂਦਾ ਸੀ। ਇਸ ਸਬੰਧ `ਚ ਸਿ਼ਕਾਇਤ ਮਿਲਣ ਪਿੱਛੋਂ ਸਰਕਾਰੀ ਵਿਭਾਗ ਨੇ ਜਾਂਚ ਕਰਕੇ ਖਾਮੀਆਂ ਲੱਭੀਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਿਸਟਰੀ ਆਫ ਪ੍ਰਾਈਮਰੀ ਇੰਡਸਟਰੀਜ ਨੂੰ ਪਿਛਲੇ ਸਾਲ ਜੁਲਾਈ `ਚ ਇਤਲਾਹ ਮਿਲੀ ਸੀ ਕਿ 59 ਸਾਲਾ ਅਸਟੇਅਰ ਰੌਬਰਟਸ ਕਿ ਉਹ ਗਾਵਾਂ ਨੂੰ ਲੋੜੀਂਦੀ ਮਾਤਰਾ ਨਾਲੋਂ ਘੱਟ ਚਾਰਾ ਪਾਉਂਦਾ ਹੈ। ਜਾਂਚ ਪਿੱਛੋਂ ਉਸਨੂੰ ਹਦਾਇਤ ਕੀਤੀ ਗਈ ਕਿ ਗਾਵਾਂ ਦਾ ਖਿਆਲ ਰੱਖ ਕੇ ਪੂਰੇ ਪੱਠੇ ਪਾਏ ਜਾਣ।
ਐਨੀਮਲ ਵੈੱਲਫੇਅਰ ਏਜੰਸੀ ਦੇ ਕੰਪਲਾਇੰਸ ਅਫ਼ਸਰ ਬਰੈਂਡਨ ਮਿਕਲਸਨ ਅਨੁਸਾਰ ਸਿ਼ਕਾਇਤ ਮਿਲਣ ਤੋਂ ਬਾਅਦ ਪਹਿਲੀ ਵਾਰ ਜਦੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਸੀ ਅੱਧੇ ਪੱਠੇ ਪਾਉਣ ਕਰਕੇ ਗਾਵਾਂ ਦਾ ਭਾਰ ਘਟ ਗਿਆ ਸੀ ਅਤੇ ਚਾਰ ਗਾਵਾਂ ਦੀ ਹਾਲਾਤ ਨਾਜ਼ੁਕ ਸੀ। ਇਸ ਬਾਬਤ ਪਿਛਲੇ ਸਾਲ ਅਗਸਤ `ਚ ਦੂਜੀ ਵਾਰ ਪੜਤਾਲ ਕੀਤੀ ਗਈ ਸੀ।
ਮਿਕਲਸਨ ਦਾ ਕਹਿਣਾ ਹੈ ਕਿ ਮਾਲਕਾਂ ਲਈ ਜ਼ਰੂਰੀ ਹੈ ਕਿ ਉਹ ਪਸ਼ੂਆਂ ਦਾ ਖਿਆਲ ਰੱਖਣ। ਪਸ਼ੂਆਂ ਨਾਲ ਕਿਸੇ ਵੀ ਕਿਸਮ ਦਾ ਮਾੜਾ ਵਿਹਾਰ ਸਹਿਣਯੋਗ ਨਹੀਂ ਹੈ। ਨਿਊਜ਼ੀਲੈਂਡ `ਚ ਸਾਰੇ ਲੋਕਾਂ ਨੂੰ ਪਸ਼ੂਆਂ ਦੀ ਭਲਾਈ ਦਾ ਖਿਆਲ ਰੱਖਣਾ ਚਾਹੀਦਾ ਹੈ। ਜੇ ਕੋਈ ਅਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਸਦੀ ਸਿ਼ਕਾਇਤ ਟੈਲੀਫ਼ੋਨ ਨੰਬਰ 0800 00 83 33 `ਤੇ ਕੀਤੀ ਜਾ ਸਕਦੀ ਹੈ।