ਆਕਲੈਂਡ (ਤਰਨਦੀਪ ਬਿਲਾਸਪੁਰ ) ਹਰ ਦੌਰ ਵਿਚ ਆਰਥਿਕ ਤੇ ਸਮਾਜਿਕ ਮਾਹਿਰ ਅੰਕੜਿਆਂ ਦੇ ਗਣਿਤ ਵਿਚੋਂ ਕੁਝ ਨਾ ਕੁਝ ਲੱਭਦੇ ਰਹਿੰਦੇ ਹਨ | 2020 ਦਾ ਵਰਾਂ ਸ਼ਾਇਦ ਇਹਨਾਂ ਅੰਕੜਿਆਂ ਵਿਚ ਵੱਧ ਉਤਰਾ ਚੜਾ ਵਾਲਾ ਰਿਹਾ | ਕਿਓਂਕਿ ਇਸ ਵਰੇਂ ਲੌਕਡਾਊਨ ਜੋ ਲੱਗਿਆ ਸੀ | ਚਾਹੇ ਅਸੀਂ ਫਰਵਰੀ 2021 ਵਿਚ ਵੀ ਛੋਟੇ ਲੌਕਡਾਊਨ ਨੂੰ ਹੰਢਾਹ ਰਹੇ ਹਾਂ |
ਪਰ ਅੱਜ ਗੱਲ 2020 ਦੇ ਲੌਕਡਾਊਨ ਦੀ ਕਰਦੇ ਹਨ | ਯੂਨੀਵਰਸਿਟੀ ਆਫ ਓਟਾਗੋ ਦੇ ਲੈਕਚਰਾਰ ਕਿਰੀ ਲਾਸਨ ਨੇ ਕੁਝ ਅੰਕੜਿਆਂ ਨੂੰ ਇਕੱਠਾ ਕਰਕੇ ਇੱਕ ਡਾਟਾ ਤਿਆਰ ਕੀਤਾ |
ਇਸ ਡਾਟੇ ਨੇ ਕਿਤੇ ਖੁਸ਼ੀ ਕਿਤੇ ਗਮ ਦਿੱਤਾ !
ਡਾਟਾ ਹੈ ਕੀ ?
ਦਰਅਸਲ ਕਿਰੀ ਲਾਸਨ ਨੇ ਨਿਊਜ਼ੀਲੈਂਡ ਵਿਚ ਰਹਿੰਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਤੇ ਕੁਝ ਅੰਕੜੇ ਇਕੱਠੇ ਕੀਤੇ |
ਇਹਨਾਂ ਅੰਕੜਿਆਂ ਵਿਚ ਉਹ ਦੱਸਦੇ ਹਨ ਕਿ ਜਿਹੜੇ ਲੋਕਾਂ ਦੇ ਨਿਊਜ਼ੀਲੈਂਡ ਵਿਚ ਘਰ ਹਨ | ਉਹਨਾਂ ਦੀ ਆਮਦਨ ਵਿਚ ਇਸ ਸਾਲ ਇਜ਼ਾਫਾ ਜਾਂ ਕਹਿ ਲਵੋ ਵਾਧਾ ਹੋਇਆ ਹੈ | ਇਹ ਵਾਧਾ 2019 ਦੇ ਮੁਕਾਬਲਤਨ 3.9 ਫ਼ੀਸਦ ਬਣਦਾ ਹੈ | ਇਥੋਂ ਤੱਕ ਕਿ ਆਪਣੇ ਘਰਾਂ ਵਿਚ ਰਹਿਣ ਵਾਲੇ ਮਾਲਕਾਂ ਦੀ ਐਵਰੇਜ਼ ਆਮਦਨ 87000 ਡਾਲਰ ਸਲਾਨਾ ਹੋ ਗਈ ਹੈ |
ਪਰ ਦੂਸਰੇ ਪਾਸੇ ਇਸੇ ਹੀ ਡਾਟੇ ਵਿਚ ਇੱਕ ਬਹੁਤ ਵੱਡਾ ਅੰਤਰ ਦੇਖਣ ਨੂੰ ਮਿਲਿਆ ਹੈ | ਉਹ ਇਹ ਹੈ ਕਿ ਮਾਓਰੀ ਭਾਈਚਾਰੇ ਸਮੇਤ ਰਹਿੰਦੇ ਹੋਰ ਐਥਨਿਕ ਭਾਈਚਾਰੇ ਦੇ ਉਹ ਲੋਕ ਜਿਹਨਾਂ ਕੋਲ ਆਪਣਾ ਘਰ ਨਹੀਂ ,ਉਹਨਾਂ ਦੀ ਸਲਾਨਾਂ ਆਮਦਨ ਚ' 2020 ਦੌਰਾਨ 2019 ਦੇ ਮੁਕਾਬਲੇ 19 ਫ਼ੀਸਦ ਦੀ ਗਿਰਾਵਟ ਦਰਜ਼ ਕੀਤੀ ਗਈ ਹੈ |
ਲੌਕਡਾਊਨ ਦੌਰਾਨ ਪ੍ਰਾਪਰਟੀ ਬੂਮ ਆਇਆ ,ਜਿਸ ਸਦਕਾ ਉਹਨਾਂ ਮੁਲਕ ਵਿਚ ਰਹਿੰਦੇ 30 ਫ਼ੀਸਦ ਲੋਕਾਂ ਦੇ ਸੁਪਨੇ ਵੀ ਟੁੱਟੇ ਜੋ ਘਰ ਖ਼ਰੀਦਣ ਦੇ ਕਿਸੇ ਸਮੇਂ ਸੁਪਨੇ ਦੇਖਦੇ ਹੋਣਗੇ | ਕਿਓਂਕਿ ਇਹਨਾਂ ਲੋਕਾਂ ਦੀ ਕੁੱਲ ਆਮਦਨ ਦਾ 40 ਫ਼ੀਸਦ ਇਸ ਸਮੇਂ ਦੌਰਾਨ ਰੈਂਟ ਵਿਚ ਜਾਣ ਲੱਗਿਆ | ਜੋ ਕਿ 2019 ਦੇ 36 ਫ਼ੀਸਦ ਤੋਂ 4 ਫ਼ੀਸਦ ਵੱਧ ਹੈ |
ਲੈਕਚਰਾਰ ਕਿਰੀ ਲਾਸਨ ਅਨੁਸਾਰ ਆਉਣ ਵਾਲੇ ਸਮੇਂ ਵਿਚ ਇਸ ਪਾੜੇ ਵਿਚ ਹੋਰ ਵੀ ਰੁਝਾਨ ਦੇਖਣ ਨੂੰ ਮਿਲਣਗੇ | ਇਸ ਕਰਕੇ ਸਰਕਾਰ ਦੀ ਅਜਿਹੇ ਸਮਾਜਿਕ ਅਸੰਤੁਲਨ ਉੱਪਰ ਕਿਸੇ ਠੋਸ ਯੋਜਨਾ ਦੀ ਰੂਪ ਰੇਖਾ ਉਲੀਕਣ ਦੀ ਜਰੂਰਤ ਹੈ |