ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਹੈਮਿਲਟਨ ਦੇ ਫੇਅਰਫੀਲਡ ਕਾਲਿਜ ਵਿਚ ਇਤਿਹਾਸਕ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਨਿਊਜ਼ੀਲੈਂਡ ਦੇ ਸਕੂਲਾਂ ਵਿਚ ਪੜਦੀਆਂ ਬੱਚੀਆਂ ਨੂੰ ਮਾਹਵਾਰੀ ਦੇ ਦਿਨਾਂ ਵਿਚ ਉਹਨਾਂ ਦੀ ਘਰੇਲੂ ਗਰੀਬੀ ਦੇ ਕਰਕੇ ਅਸਹਿਜ ਨਹੀਂ ਮਹਿਸੂਸ ਕਰਨਾ ਪਵੇਗਾ | ਕਿਓਂਕਿ ਨਿਊਜ਼ੀਲੈਂਡ ਦੀ ਸਰਕਾਰ ਨਿਊਜ਼ੀਲੈਂਡ ਦੇ ਸਮੁੱਚੇ ਸਕੂਲਾਂ ਵਿਚ ਜੂਨ 2021 ਤੋਂ ਮੁਫ਼ਤ ਵਿਚ ਸੈਨਟਰੀ ਪੈਡ ਮੁਹਈਆ ਕਰਵਾਵੇਗੀ | ਉਹਨਾਂ ਦੱਸਿਆ ਕਿ ਉਹਨਾਂ ਦੇ ਪਿਛਲੇ ਤਿੰਨ ਸਾਲਾਂ ਤੋਂ 15 ਸਕੂਲਾਂ ਵਿਚ ਪਾਇਲਟ ਪ੍ਰੋਗਰਾਮ ਤਹਿਤ ਕੀਤੇ ਤਜੁਰਬੇ ਸਫ਼ਲ ਰਹੇ ਹਨ | ਉਹਨਾਂ ਅਨੁਸਾਰ ਔਸਤਨ ਇੱਕ ਮਹਿਲਾ ਨੂੰ ਮਹੀਨੇ ਵਿਚ 5 ਦਿਨ ਸੈਨਟਰੀ ਪੈਡਾਂ ਦੀ ਵਰਤੋਂ ਕਰਨੀ ਪੈਂਦੀ ਹੈ , ਜਿਹਨਾਂ ਡਾ ਖਰਚਾ ਤਕਰੀਬਨ 16 ਡਾਲਰ ਬਣਦਾ ਹੈ | ਜਿਸ ਕਰਕੇ ਕਈ ਆਰਥਿਕ ਤੌਰ ਤੇ ਅਤਿ ਨਿਮਨ ਪਰਿਵਾਰਾਂ ਵਿਚੋਂ ਪੜਨ ਆਉਂਦੀਆਂ ਬੱਚੀਆਂ ਨੂੰ ਭਾਰੀ ਸਰੀਰਕ ,ਮਾਨਸਿਕ ,ਆਰਥਿਕ ਅਤੇ ਵਿੱਦਿਆ ਪੱਖ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਦਾ ਮਕਸਦ ਹੈ ਸਿੱਖਣ ਦੇ ਸਿਲਸਿਲਿਆਂ ਵਿਚ ਸਭ ਨੂੰ ਬਰਾਬਰ ਮੌਕੇ ਮਿਲਨੇ ਚਾਹੀਦੇ ਹਨ | ਜਿਸਦੇ ਇੱਕ ਹਿੱਸੇ ਵਜੋਂ ਅਸੀਂ ਫ੍ਰੀ ਸੈਨਟਰੀ ਪੈਡਾਂ ਦੇ ਵਿਤਰਣ ਨੂੰ ਵੀ ਦੇਖਦੇ ਹਾਂ | ਨਿਊਜ਼ੀਲੈਂਡ ਇਸ ਸਿਲਸਿਲੇ ਵਿਚ ਸਕੌਟਲੈਂਡ ਤੋਂ ਬਿਨਾਂ ਕਨੇਡਾ ,ਅਮਰੀਕਾ ,ਆਸਟ੍ਰੇਲੀਆ ਦੀਆਂ ਕੁਝ ਸੂਬਾਈ ਸਰਕਾਰਾਂ ਤੋਂ ਬਾਅਦ ਪੰਜਵਾਂ ਅਜਿਹਾ ਮੁਲਕ ਹੈ | ਜਿਥੇ ਸਕੂਲੀ ਬੱਚੀਆਂ ਨੂੰ ਫ੍ਰੀ ਸੈਨਟਰੀ ਪੈਡ ਸਰਕਾਰ ਉਪਲੱਭਧ ਕਰਵਾਵੇਗੀ | ਇਸਦੇ ਨਾਲ 2021 ਵਿਚ 2 ਲੱਖ ਬੱਚੀਆਂ ਨੂੰ ਫਾਇਦਾ ਹੋਵੇਗਾ ਅਤੇ ਨਿਊਜ਼ੀਲੈਂਡ ਦੀ ਸਰਕਾਰ ਨੂੰ ਸਲਾਨਾਂ ਇਸ ਲਈ 35 ਮਿਲੀਅਨ ਡਾਲਰ ਖਰਚਣੇ ਪੈਣਗੇ |