ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਅੱਜ ਸ਼ਾਮ ਹੰਗਾਮੀ ਮੀਟਿੰਗ ਕੀਤੀ ਗਈ । ਜਿਸ ਬਾਬਤ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੀ ਫੈਡਰੇਸ਼ਨ ਵੱਲੋਂ ਨਿਊਜੀਲੈਂਡ ਵਿੱਚ ਕੋਵਿਡ ਤੋਂ ਬਾਅਦ ਵਿਆਪਕ ਪੱਧਰ ਤੇ ਨਿਊਜੀਲੈਂਡ ਵਿੱਚ ਕਬੱਡੀ ਕੱਪ ਕਰਵਾਉਣ ਜਾ ਰਹੇ ਹਨ । ਜਿਸਦੀ ਸ਼ੁਰੂਆਤ 21 ਫਰਵਰੀ ਨੂੰ ਕੈਟੀਕੈਟੀ ਤੋਂ ਹੋ ਰਹੀ ਹੈ ।
ਇਸੇ ਸਿਲਸਿਲੇ ਤਹਿਤ ਫੈਡਰੇਸ਼ਨ ਦੇ ਨਾਲ ਬਹੁਤ ਸਾਰੇ ਸਥਾਨਿਕ ਕਬੱਡੀ ਖਿਡਾਰੀ ਜੁੜ ਰਹੇ ਹਨ ।
ਪਰ ਇਹਨਾਂ ਕਬੱਡੀ ਖਿਡਾਰੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਨਾਮੀਂ ਗੈਂਗਸਟਰਾਂ ਜਾਂ ਉਹਨਾਂ ਦੇ ਨਾਮ ਹੇਠ ਨਿਊਜੀਲੈਂਡ ਦੇ ਹੀ ਇੱਕ ਗਰੋਹ ਵੱਲੋਂ ਧਮਕੀਆਂ ਦੁਆਈਆਂ ਜਾ ਰਹੀਆਂ ਹਨ ।
ਇੱਥੋਂ ਤੱਕ ਕਿ ਖਿਡਾਰੀਆਂ ਦੇ ਪੰਜਾਬ ਰਹਿੰਦੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਣ ਦੀ ਗੱਲ ਕੀਤੀ ਜਾ ਰਹੀ ਹੈ । ਇਸ ਵਰਤਾਰੇ ਦੇ ਚੱਲਦਿਆਂ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਜਿੱਥੇ ਕਬੱਡੀ ਨੂੰ ਗੰਧਲਾਂ ਕਰਦੀਆਂ ਸਥਾਨਿਕ ਗੰਦੀਆਂ ਮੱਛੀਆਂ ਖਿਲਾਫ ਸਖਤ ਰੁਖ ਅਖਤਿਆਰ ਕਰਨ ਦੀ ਗੱਲ ਕਹੀ । ਉੱਥੇ ਹੀ ਫੈਡਰੇਸ਼ਨ ਦੇ ਨੁਮਾਇੰਦਿਆਂ ਵੱਲੋਂ ਨਿਊਜੀਲੈਂਡ ਪੁਲਿਸ , ਸਪੋਰਟਸ ਡਿਪਾਰਟਮੈਂਟ ਦੇ ਨਾਲ ਮੀਟਿੰਗ ਦਾ ਪਰਬੰਧ ਕਰ ਲਿਆ ਹੈ । ਤਾਂ ਕਿ ਫੋਨ ਨੰਬਰ ਟਰੇਸ ਕੀਤੇ ਜਾਣ ਅਤੇ ਜੇ ਜੇਲਾਂ ਵਿੱਚੋਂ ਖਿਡਾਰੀਆਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ ਤਾਂ ਭਾਰਤ ਦੇ ਗ੍ਰਹਿ ਮਹਿਕਮੇ ਰਾਹੀਂ ਦੋਸ਼ੀਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ ।
ਐਨਾ ਹੀ ਨਹੀਂ ਅਗਲੇ ਹਫਤੇ ਵਲਿੰਗਟਨ ਵਿੱਚ ਇੰਡੀਅਨ ਕਾਊਂਸਲੇਟ ਤੋਂ ਵੀ ਟਾਈਮ ਲਿਆ ਜਾ ਰਿਹਾ ਹੈ ਤਾਂ ਕਿ ਭਾਰਤੀ ਸੁਰੱਖਿਆਂ ਏਜੰਸੀਆਂ ਤੱਕ ਵੀ ਇਸ ਨੈਟਵਰਕ ਦੀ ਗੱਲ ਪਹੁੰਚਾਈ ਜਾਵੇ ।
ਫੈਡਰੇਸ਼ਨ ਅਨੁਸਾਰ ਉਹਨਾਂ ਦਾ ਮਕਸਦ ਸਾਫ ਸਥਾਨਿਕ ਖੇਡਾਂ ਕਰਵਾਉਣਾ ਹੈ । ਪਰ ਇੱਥੋਂ ਕੁੱਝ ਲੋਕ ਆਪਣੇ ਕਾਲੇ ਧਨ ਰਾਹੀਂ ਭਾਰਤ ਵਿੱਚ ਗੈਂਗਸਟਰਾਂ ਦੀ ਜਿੱਥੇ ਪੁਸ਼ਤਪਨਾਹੀ ਕਰ ਰਹੇ ਹਨ । ਉੱਥੇ ਹੀ ਭਰਾ ਮਾਰੂ ਅਤੇ ਭਾਈਚਾਰਾ ਮਾਰੂ ਕਲਚਰ ਨੂੰ ਸਹਿ ਵੀ ਦੇ ਰਹੇ ਹਨ ।
ਜਿਸਦੀ ਪੈੜ ਨੱਪਣ ਲਈ ਯਤਨ ਅਰੰਭਣੇ ਅਤਿ ਜਰੂਰੀ ਹਨ ਅਤੇ ਫੈਡਰੇਸ਼ਨ ਆਪਣੇ ਕਲੱਬਾਂ ਨਾਲ ਜੁੜੇ ਖਿਡਾਰੀਆਂ ਅਤੇ ਉਹਨਾਂ ਦੇ ਪੰਜਾਬ ਰਹਿੰਦੇ ਪਰਿਵਾਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ ।