ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਕੋਰੋਨਾ ਵੈਕਸੀਨ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ ਤੇ ਤਾਜਾ ਜਾਣਕਾਰੀ ਅਨੁਸਾਰ ਇਸ ਕੰਮ ਨੂੰ ਸਿਰੇ ਚੜਾਉਣ ਲਈ 100 ਸਿਹਤ ਕਰਮਚਾਰੀ ਜਿਨ੍ਹਾਂ ਵਿੱਚ ਜਿਆਦਾ ਨਰਸਾਂ ਹੀ ਹਨ, ਉਨ੍ਹਾਂ ਨੂੰ ਕੋਰੋਨਾ ਦਾ ਪਹਿਲਾ ਟੀਕਾ ਲਾ ਦਿੱਤਾ ਗਿਆ ਹੈ। 25 ਜੱਥਿਆਂ ਦੇ ਰੂਪ ਵਿੱਚ ਕੰਮ ਕਰਨ ਵਾਲੀਆਂ ਇਨ੍ਹਾਂ ਨਰਸਾਂ ਨੂੰ ਆਕਲੈਂਡ ਦੇ ਜੈਟ ਪਾਰਕ ਹੋਟਲ ਵਿੱਚ ਕੋਰੋਨਾ ਦੀ ਦਵਾਈ ਦਿੱਤੀ ਗਈ ਤੇ ਕੱਲ ਤੋਂ ਇਹ ਸਾਰੀਆਂ ਫਰੰਟਲਾਈਨ ਬਾਰਡਰ ਅਧਿਕਾਰੀਆਂ ਦੇ ਟੀਕਾਕਰਨ ਦੀ ਡਿਊਟੀ ਨਿਭਾਉਣਗੀਆਂ।
ਮਾਹਿਰਾਂ ਅਨੁਸਾਰ ਬਾਂਹ ਵਿੱਚ ਲਾਇਆ ਜਾਣ ਵਾਲਾ ਕੋਰੋਨਾ ਦਾ ਟੀਕਾ ਕਿਸੇ ਆਮ ਫਲੂ ਦੀ ਦਵਾਈ ਵਾਂਗੂ ਹੀ ਲੱਗੇਗਾ ਤੇ ਇਮੀਉਨਾਈਜੇਸ਼ਨ ਅਡਵਾਈਜਰੀ ਸੈਂਟਰ ਦੇ ਮੈਡੀਕਲ ਪ੍ਰੋਫੈਸਰ ਪੀਟਰ ਮੇਕਲੀਂਟਰ ਅਨੁਸਾਰ ਕਈਆਂ ਨੂੰ ਇਸ ਕਰਕੇ ਹਲਕਾ ਬੁਖਾਰ ਜਾਂ ਮਾਸਪੇਸ਼ੀਆਂ ਦਾ ਖਿਚਾਅ ਵੀ ਮਹਿਸੂਸ ਹੋ ਸਕਦਾ ਹੈ, ਪਰ ਇਸਦਾ ਫਾਇਦਾ ਸਭ ਤੋਂ ਉੱਤਮ ਰਹੇਗਾ।