Wednesday, 03 March 2021
22 February 2021 New Zealand

ਕੈਟੀਕੈਟੀ ਦੇ ਟੂਰਨਾਮੈਂਟ ਨੇ ਜਿੱਤੇ ਦਰਸ਼ਕਾਂ ਦੇ ਦਿਲ |

ਕਬੱਡੀ ,ਫੁੱਟਬਾਲ ਅਤੇ ਵਾਲੀਬਾਲ 'ਚ ਆਕਲੈਂਡ ਦੇ ਵੱਖ ਵੱਖ ਕਲੱਬਾਂ ਦੀ ਝੰਡੀ |
ਕੈਟੀਕੈਟੀ ਦੇ ਟੂਰਨਾਮੈਂਟ ਨੇ ਜਿੱਤੇ ਦਰਸ਼ਕਾਂ ਦੇ ਦਿਲ | - NZ Punjabi News

ਕੈਟੀਕੈਟੀ (ਤਰਨਦੀਪ ਬਿਲਾਸਪੁਰ ) ਪੰਜਾਬੀ ਦੀ ਕਹਾਵਤ ਹੈ ਕਿ ''ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ ''
ਪਰ ਕੈਟੀਕੈਟੀ ਦੇ ਟੂਰਨਾਮੈਂਟ ਨੂੰ ਦੇਖਦਿਆਂ ਪਹਿਲੀ ਵਾਰ ਲੱਗਿਆ ਕਿ ਅੰਤਰਰਾਸ਼ਟਰੀ ਪੱਧਰ ਦੀ ਖੇਡ ਸਥਾਨਿਕ ਖਿਡਾਰੀਆਂ ਨੂੰ ਦਿਖਾਉਂਦੇ ਆਪਣੇ ਨਿਊਜ਼ੀਲੈਂਡ ਪਰਵਾਸ ਵਿਚ ਪਹਿਲੀ ਵਾਰ ਦੇਖਿਆ | ਇਸਤੋਂ ਪਹਿਲਾ ਵੀ ਵੱਡੇ ਟੂਰਨਾਮੈਂਟ ਦੇਖੇ ਹਨ , ਪਰ ਉਹਨਾਂ ਵਿਚ ਕਬੱਡੀ ਵਿਚ ਅੰਤਰਰਾਸ਼ਟਰੀ ਖਿਡਾਰੀ ਵੀ ਵੱਖ ਵੱਖ ਟੀਮਾਂ ਦਾ ਸਿੰਗਾਰ ਹੁੰਦੇ ਹਨ | ਜਿਸ ਕਰਕੇ ਲੱਗਦਾ ਹੈ ਕਿ ਸਥਾਨਿਕ ਖਿਡਾਰੀਆਂ ਦੀ ਚਮਕਵੀਂ ਲੋ ,ਇਹਨਾਂ ਅੰਤਰਰਾਸ਼ਟਰੀ ਖਿਡਾਰੀਆਂ ਅੱਗੇ ਫਿੱਕੀ ਜਿਹੀ ਪੈ ਜਾਂਦੀ ਹੈ |
ਪਰ ਕੈਟੀਕੈਟੀ ਵਿਚ ਫਸੇ ਮੈਚਾਂ , ਪੱਟਾਂ ਤੇ ਵੱਜਦੀਆਂ ਥਾਪੀਆਂ ,ਲੱਗਦੇ ਜੱਫਿਆਂ ਨੇ ਦਰਸਾ ਦਿੱਤਾ ਕਿ ਕੀਵੀ ਫਰੂਟ ਦੀ ਧਰਤੀ ਨਿਊਜ਼ੀਲੈਂਡ ਤੇ ਵੱਸਦੇ ਚੋਬਰ ਵੀ ਕਿਸੇ ਤੋਂ ਘੱਟ ਨਹੀਂ |
ਹਰ ਮੈਚ ਦੌਰਾਨ ਵੱਜਦੀਆਂ ਤਾੜੀਆਂ ,ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਕਈ ਮੱਛਰੇ ਦਰਸ਼ਕਾਂ ਦੀਆਂ ਕੂਕਾਂ ਕੈਟੀਕੈਟੀ ਦੀ ਮੂਰੀ ਪਾਰਕ ਵਿਚ ਛਪਾਰ ਦੇ ਮੇਲੇ ਦਾ ਮਾਹੌਲ ਸਿਰਜ ਰਹੀਆਂ ਸਨ | ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਅਤੇ ਇੰਡੀਅਨਜ਼ ਐਸੋਸੀਏਸ਼ਨ ਆਫ਼ ਕੈਟੀਕੈਟੀ ਵਲੋਂ ਕਰਵਾਏ ਉਕਤ ਖੇਡ ਮੇਲੇ ਵਿਚ ਪ੍ਰਬੰਧਕਾਂ ਨੇ ਦਰਸ਼ਕਾਂ ਲਈ ਮਹਿਮਾਨ ਨਿਵਾਜ਼ੀ ਦਾ ਹਰ ਹੀਲਾ ਵਰਤਿਆਂ | ਗੁਰੂ ਕੇ ਲੰਗਰਾਂ ਦੇ ਪੁਖਤਾ ਪ੍ਰਬੰਧ , ਫਰੂਟ , ਤੱਤੀਆਂ ਤੱਤੀਆਂ ਜਲੇਬੀਆਂ ਦੇ ਪੂਰ ਸਾਰਾ ਦਿਨ ਚੱਲਦੇ ਰਹੇ |


ਢਲਕਵੀਂ ਸ਼ਾਮ ਨੂੰ ਆਜ਼ਾਦ ਕਬੱਡੀ ਕਲੱਬ ਅਤੇ ਦਸਮੇਸ਼ ਕਬੱਡੀ ਕਲੱਬ ਵਿਚ ਕਬੱਡੀ ਦਾ ਫਸਵਾਂ ਮੁਕਾਬਲਾ ਖੇਡਿਆ ਗਿਆ | ਜਿਸ ਵਿਚ ਆਜ਼ਾਦ ਕਬੱਡੀ ਕਲੱਬ ਨੇ ਟੀ-ਪੁਕੀ ਉੱਪਰ ਜਿੱਤ ਪ੍ਰਾਪਤ ਕੀਤੀ |
ਪੂਰੇ ਦਿਨ ਦਿਲ ਖਿੱਚਵੇਂ ਜੱਫਿਆਂ ਨਾਲ ਦਰਸ਼ਕਾਂ ਦਾ ਮਨ ਮੋਹਨ ਵਾਲੇ ਸੱਤੇ ਫਿਰੋਜ਼ਪੁਰੀਏ ਨੇ ਜਿਥੇ ਬੈਸਟ ਜਾਫੀ ਦਾ ਖਿਤਾਬ ਆਪਣੇ ਨਾਮ ਕੀਤਾ | ਓਥੇ ਹੀ ਪਿੰਦੂ ਪੱਡਾ ਅਤੇ ਅਮਨ ਹਰਿਆਣਾ ਬੈਸਟ ਰੇਡਰ ਸਾਬਤ ਹੋਏ |
ਇਸ ਟੂਰਨਾਮੈਂਟ ਨੇ ਇੱਕ ਹੋਰ ਖਿਡਾਰੀ ਨੂੰ ਵੀ ਕੌਮਾਂਤਰੀ ਨਾਮ ਦਿੱਤਾ ,ਉਹ ਸੀ ਟਾਈਗਰ ਸਪੋਰਟਸ ਕਲੱਬ ਵਲੋਂ ਖੇਡਿਆ ਛੋਟਾ ਚੇਤਕ , ਜਿਸਦੀ ਖੇਡ ਨੇ ਖੇਡ ਪ੍ਰਬੰਧਕਾਂ ਨੂੰ ਅਚੰਬਿਤ ਕਰ ਦਿੱਤਾ | ਜਿਸਦੇ ਸੋਹਲੇ ਕਬੱਡੀ ਕੁਮੈਂਟੇਟਰ ਸਾਤੇ ਜਲਾਲਪੁਰੀਏ ਅਤੇ ਚਮਕੌਰ ਸਿੰਘ ਨੇ ਵੀ ਗਾਹੇ ਵਗਾਹੇ ਗਾਏ |
ਜਦੋਂਕਿ ਦੂਸਰੇ ਪਾਸੇ ਵਾਲੀਬਾਲ ਵਿਚ ਕਲਗੀਧਰ ਕਲੱਬ ਟਾਕਾਨੀਨੀ ਦੀ ਟੀਮ ਨੇ ਪਹਿਲਾ ਨੰਬਰ ਅਤੇ ਬਲੈਕ ਸਪਾਇਕਸ ਦੀ ਟੀਮ ਨੇ ਦੂਸਰਾ ਨੰਬਰ ਪ੍ਰਾਪਤ ਕੀਤਾ |
ਫੁੱਟਬਾਲ ਦੇ ਮੈਚ ਵੀ ਬੜੇ ਦਿਲਚਸਪ ਰਹੇ ਹਾਲਾਂਕਿ ਫੁੱਟਬਾਲ ਦੀਆਂ ਟੀਮਾਂ ਮੁਖ ਗਰਾਊਂਡ ਤੋਂ ਕਾਫੀ ਦੂਰ ਖੇਡ ਰਹੀਆਂ ਸਨ, ਪਰ ਫਿਰ ਵੀ ਫਸਵੇਂ ਮੁਕਾਬਲਿਆਂ ਦੀ ਰਿਪੋਰਟ ਮੇਨ ਸਟੇਜ ਤੇ ਪਹੁੰਚਦੀ ਰਹੀ|
ਫੁੱਟਬਾਲ ਵਿਚ ਵੀ ਜਿਥੇ ਆਕਲੈਂਡ ਦਾ ਸ਼ੇਰ-ਏ-ਪੰਜਾਬ ਕਲੱਬ ਜੇਤੂ ਰਿਹਾ | ਓਥੇ ਹੀ ਹੈਮਿਲਟਨ ਦਾ ਪੰਜਾਬੀ ਨਾਈਟਸ ਕਲੱਬ ਦੋਇਮ ਰਿਹਾ |
ਪ੍ਰਬੰਧਕਾਂ ਵੱਲੋਂ ਕਬੱਡੀ ‘ਚ ਦਿਲਾਵਰ ਹਰੀਪੁਰ ,ਜਿੰਦੀ ਮੁਠੱਢੇ ਅਤੇ ਸਾਬੀ ਬੋਲੀਨਾ ,ਫੁੱਟਬਾਲ ‘ਚ ਸਾਬੀ ਧੀਰੋਵਾਲੀਏ ,


ਬਲਕਾਰ ਸਿੰਘ ਤੇ ਡੈਨੀ ਰਾਏ , ਵਾਲੀਬਾਲ ‘ਚ ਭੁਪਿੰਦਰ ਸਿੰਘ ਭਿੰਦਾ , ਗਿੱਲ ਬਾਈ ਅਤੇ ਹਰਪਾਲ ਪਾਲ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ।
ਓਥੇ ਹੀ ਰੱਸਾਕਸ਼ੀ ਦਾ ਮੁਕਾਬਲਾ ਵੀ ਸਖਤ ਸੀ ,ਜੋ ਕਿ ਕੈਟੀਕੈਟੀ ਟੂਰਨਾਮੈਂਟ ਦੇ ਪ੍ਰਬੰਧਕਾਂ ਅਤੇ ਟਾਰੰਗੇ ਦੀ ਟੀਮ ਵਿਚਕਾਰ ਹੋਇਆ | ਜਿਸ ਵਿਚ ਲੋਕਲ ਗਰਾਂਊਂਡ ਦਾ ਫਾਇਦਾ ਕੈਟੀਕੈਟੀ ਦੀ ਟੀਮ ਨੂੰ ਮਿਲਿਆ |
ਜਿਥੇ ਮੁਕਾਬਲੇ ਸ਼ਾਨਦਾਰ ਸਨ ,ਓਥੇ ਹੀ ਦਰਸ਼ਕਾਂ ਵਿਚ ਗੋਰੇ ਸਿੱਖ ਅਤੇ ਫੌਜੀ ਅਫਸਰ ਲੂਈ ਸਿੰਘ ਖਾਲਸਾ ,ਸੁਪ੍ਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ, ਹਰਦੀਪ ਸਿੰਘ ਬਿੱਲੂ ,ਟੌਰੰਗਾ ਗੁਰੂ ਘਰ ਦੀ ਟੀਮ ਵਿਚੋਂ ਕਸ਼ਮੀਰ ਸਿੰਘ ਹੇਅਰ ,ਸੁਖਦੇਵ ਸਿੰਘ ਸਮਰਾ ,ਟੀ-ਪੁਕੀ ਗੁਰੂ ਘਰ ਤੋਂ ਲੈਹਬਰ ਸਿੰਘ ਤੇ ਬਲਜੀਤ ਸਿੰਘ ਬਾਧ ਸਮੇਤ ਹੋਰ ਮੈਂਬਰਾਂ ਵੀ ਹਾਜਿਰ ਸਨ |
ਓਥੇ ਹੀ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਦੀ ਸਮੁੱਚੀ ਟੀਮ ਚੇਅਰਮੈਨ ਪਰਮਜੀਤ ਸਿੰਘ ਪੰਮੀ ਬੋਲੀਨਾ , ਪ੍ਰਧਾਨ ਚਰਨਜੀਤ ਸਿੰਘ ਥਿਆੜਾ ਅਤੇ ਮਨਜਿੰਦਰ ਸਿੰਘ ਬਾਸੀ ਦੀ ਅਗਵਾਹੀ ਵਿਚ ਸਾਰਾ ਦਿਨ ਪ੍ਰਬੰਧਾਂ ਵਿਚ ਡਟੀ ਰਹੀ |
ਉਕਤ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਇੰਡੀਅਨਜ਼ ਐਸੋਸੀਏਸ਼ਨ ਆਫ਼ ਕੈਟੀਕੈਟੀ ਦੀ ਸਮੁੱਚੀ ਟੀਮ ਨੇ ਜਿਥੇ ,ਖਿਡਾਰੀਆਂ ,ਦਰਸ਼ਕਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ | ਉੱਥੇ ਹੀ ਕੈਟੀਕੈਟੀ ਵਿਚ ਪਹਿਲੀ ਵਾਰ ਕਰਵਾਏ ਖੇਡ ਮੇਲੇ ਨੂੰ ਲਗਾਤਾਰਤਾ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ | ਐਸੋਸੀਏਸ਼ਨ ਵਲੋਂ ਦਲਜੀਤ ਸਿੰਘ ,ਸੁਰਿੰਦਰ ਸਿੰਘ ,ਦੀਪਕ ਮਾਹੀ ,ਗੁਰਪ੍ਰੀਤ ਗੋਪੀ ,ਸੁਖਦੀਪ ਮੀਡੀਆ ,ਸਾਬੀ ਪਿਵੋਹਾ , ਸੋਨੂ ਗਿੱਲ ,ਰੋਮੀ ਕਰਨਾਲ ,ਕਰਮਜੀਤ ਲੱਕੀ ,ਸਾਬੀ ਮੀਡੀਆ ,ਕਮਲ ਯਾਦਵ ,ਬਿੰਦਰ ਕੈਟੀਕੈਟੀ ,ਮਨਿ ਸਰਮਾਂ ,ਸੁਖਪਾਲ ਸੁੱਖਾ ,ਹਰਪ੍ਰੀਤ ਹੈਪੀ ,ਕਰਮਪ੍ਰੀਤ ਕਰਮ ਨੇ ਅਗਲੇ ਸਾਲ ਮਿਲਣ ਦਾ ਜਿਥੇ ਵਾਅਦਾ ਕੀਤਾ | ਉੱਥੇ ਹੀ ਅਗਲੇ ਹਫਤੇ ਹੈਮਿਲਟਨ ਮਿਲਣ ਦਾ ਬਬਲੂ ਕੁਰੂਕੁਸ਼ੇਤਰ ਵਲੋਂ ਸੱਦਾ ਵੀ ਦਿੱਤਾ ਗਿਆ |

ADVERTISEMENT
NZ Punjabi News Matrimonials