ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਇੱਥੋਂ ਦੀ ਇੱਕ ਅਦਾਲਤ ਨੇ ਇੱਕ ਔਰਤ ਨੂੰ ਸੁਧਾਰ ਘਰ ਭੇਜ ਦਿੱਤਾ ਹੈ। ਜਿਸਨੇ ਕੁੱਝ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਪੰਜਾਬੀ ਨੌਜਵਾਨ ਦੇ ਘਰ ਘੁਸਪੈਠ ਕੀਤੀ ਸੀ ਅਤੇ ਉਸਨੂੰ ਜ਼ਖਮੀ ਕਰ ਦਿੱਤਾ ਸੀ। ਇਸਨੂੰ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਇਸਨੂੰ ਨਸ਼ਾ ਛੁਡਾਊ ਕੇਂਦਰ `ਚ ਭੇਜਿਆ ਜਾਵੇਗਾ ਤਾਂ ਜੋ ਉਸਦੀ ਜਿ਼ੰਦਗੀ ਸੁਧਰ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਲ 2019 `ਚ 23 ਅਗਸਤ ਨੂੰ Eਨੇਹੁੰਗਾ ਦੇ ਇੱਕ ਘਰ `ਚ ਵਾਪਰੀ ਵਾਰਦਾਤ ਨਾਲ ਸਬੰਧਤ ਹੈ। ਜਿੱਥੇ ਕੁੱਝ ਲੋਕਾਂ ਨੇ ਚਾਕੂ ਅਤੇ ਹੋਰ ਹਥਿਆਰ ਲੈ ਕੇ ਹਿੰਸਕ ਤਰੀਕੇ ਨਾਲ ਲੁੱਟ-ਖੋਹ ਕਰਕੇ ਇੱਕ ਪੰਜਾਬੀ ਨੌਜਵਾਨ ਅੰਮਿ੍ਰਤਪਾਲ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ। ਉਸ ਕੇਸ `ਚ ਅੱਜ ਆਕਲੈਂਡ ਹਾਈਕੋਰਟ `ਚ 24 ਸਾਲ ਦੀ ਦੋਸ਼ੀ ਕੁੜੀ ਸ਼ਾਈਨੀ ਮੈਨੁਅਲ ਨੂੰ 15 ਮਹੀਨੇ ਲਈ ‘ਲਾਈਫ ਲਾਈਨ’ ਭਾਵ ਸੁਧਾਰ ਘਰ ਭੇਜਿਆ ਗਿਆ ਤਾਂ ਜੋ ਉਹ ਦੋਸ਼ੀ ਕੁੜੀ ਆਪਣੀ ਜਿ਼ੰਦਗੀ ਸੁਧਾਰ ਸਕੇ।
ਜਸਟਿਸ ਸਾਈਮਨ ਮੂਰੇ ਨੇ ਫ਼ੈਸਲਾ ਸੁਣਾਉਂਦਿਆਂ ਦੱਸਿਆ ਕਿ ਲੁੱਟ-ਖੋਹ ਨਾਲ ਘਰ ਵਿਚਲੇ ਲੋਕਾਂ ਨੂੰ ਫਾਈਨੈਂਸ਼ਲ ਅਤੇ ਇਮੋਸ਼ਨਲ ਨੁਕਸਾਨ ਹੋਇਆ ਹੈ,ਕਿ ਦੋਸ਼ੀ ਲੈਪਟੌਪ, ਕੱਪੜੇ ਅਤੇ ਹੋਰ ਸਮਾਨ ਲੈ ਗਏ ਸਨ।
ਜਸਟਿਸ ਅਨੁਸਾਰ ਦੋਸ਼ੀ ਕੁੜੀ ਦਾ ਪਾਲਣ-ਪੋਲਣ ਅਜਿਹੇ ਪਰਿਵਾਰ `ਚ ਹੋਇਆ ਸੀ, ਜਿੱਥੇ ਮਾਂ-ਪਿE ਨੂੰ ਨਸ਼ੀਲੇ ਪਦਾਰਥਾਂ ਦੇ ਕੇਸਾਂ `ਚ ਜੇਲ੍ਹ ਦੀ ਸਜ਼ਾ ਹੋਈ ਸੀ। ਅਜਿਹੇ ਮਾਹੌਲ `ਚ ਪਲੀ ਕੁੜੀ ਦੇ 13 ਸਾਲ ਦੀ ਉਮਰ `ਚ ਹੀ ਬੱਚਾ ਪੈਦਾ ਹੋ ਗਿਆ ਸੀ। ਹਾਲਾਂਕਿ ਸਰਕਾਰੀ ਏਜੰਸੀ ਨੇ ਬੱਚੇ ਨੂੰ ਆਪਣੇ ਕੋਲ ਸਾਂਭ-ਸੰਭਾਲ ਲਈ ਲੈ ਆਂਦਾ ਸੀ। ਮਾੜੇ ਪਰਿਵਾਰਕ ਮਾਹੌਲ `ਚ ਪਲਣ ਕਰਕੇ ਹੀ ਉਸਦਾ ਅਪਰਾਧ ਦੀ ਦੁਨੀਆਂ ਨਾਲ ਨਾਤਾ ਜੁੜਿਆ ਸੀ। ਪਰ ਹੁਣ ਲਾਈਫਲਾਈਨ `ਚ ਉਸਨੂੰ ਸੁਧਰਨ ਦਾ ਮੌਕਾ ਮਿਲੇਗਾ।