ਆਕਲੈਂਡ (ਹਰਪ੍ਰੀਤ ਸਿੰਘ) - ਆਪਣੀ ਅੰਤਰ-ਰਾਸ਼ਟਰੀ ਹਵਾਈ ਯਾਤਰਾ ਹਰ ਨਿਊਜੀਲੈਂਡ ਵਾਸੀ ਸੁਰੱਖਿਅਤ ਢੰਗ ਨਾਲ ਕਰ ਸਕੇ ਇਸ ਲਈ ਜਲਦ ਹੀ ਏਅਰ ਨਿਊਜੀਲੈਂਡ ਡਿਜੀਟਲ ਹੈਲਥ ਪਾਸਪੋਰਟ ਐਪ ਸ਼ੁਰੂ ਕਰਨ ਜਾ ਰਹੀ ਹੈ, ਜੋ ਯਾਤਰੀ ਦੀ ਸਿਹਤ ਸਬੰਧੀ ਹਰ ਬਿਓਰਾ ਜਿਵੇਂ ਕਿ ਉਸਦੀ ਸਿਹਤ, ਕੋਰੋਨਾ ਦਾ ਟੀਕਾਕਰਨ, ਕੋਰੋਨਾ ਹਿਸਟਰੀ ਸਬੰਧੀ ਸਾਰੀ ਜਾਣਕਾਰੀ ਸਟੋਰ ਕਰੇਗੀ। ਇਹ ਐਪ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਅਸੋਸੀਏਸ਼ਨ ਵਲੋਂ ਬਣਾਈ ਗਈ ਹੈ ਤੇ ਅੰਤਰ-ਰਾਸ਼ਟਰੀ ਪੱਧਰ 'ਤੇ ਵਰਤੀ ਜਾਏਗੀ। ਪਹਿਲਾਂ ਇਸਦਾ ਟ੍ਰਾਇਲ ਅਪ੍ਰੈਲ ਤੋਂ ਆਕਲੈਂਡ-ਸਿਡਨੀ ਰੂਟ 'ਤੇ ਕੀਤਾ ਜਾਏਗਾ। ਗ੍ਰਾਹਕਾਂ ਤੇ ਕਰੂ ਮੈਂਬਰ ਦੋਨਾਂ ਨੂੰ ਇਸ ਟ੍ਰਾਇਲ ਵਿੱਚ ਸ਼ਾਮਿਲ ਹੋਣ ਦੀ ਇਜਾਜਤ ਹੋਏਗੀ। ਇਸ ਐਪ ਸਦਕਾ ਕਾਂਟੇਕਟਲੈਸ ਟਰੈਵਲ ਨੂੰ ਸੰਭਵ ਬਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਇਕ ਡਿਜੀਟਲ ਹੈਲਥ ਸਰਟੀਫਿਕੇਟ ਵਾਂਗ ਹੀ ਯਾਤਰੀ ਲਈ ਕੰਮ ਕਰੇਗਾ ,ਜੋ ਤਸਦੀਕ ਕਰੇਗਾ ਕਿ ਯਾਤਰੀ ਨੂੰ ਕੋਰੋਨਾ ਹੈ ਜਾਂ ਨਹੀਂ ਤੇ ਇਹ ਸਭ ਜਾਣਕਾਰੀ ਯਾਤਰੀ ਦੇ ਏਅਰਪੋਰਟ ਪੁੱਜਣ ਤੋਂ ਪਹਿਲਾਂ ਹੀ ਅਪਡੇਟ ਹੋ ਜਾਇਆ ਕਰੇਗੀ ਤੇ ਇੱਕ ਸੁਖਦ ਯਾਤਰਾ ਦਾ ਅਨੁਭਵ ਕਰਵਾਏਗੀ। ਅਜੇ ਇਸ ਐਪ 'ਤੇ ਹੋਰ ਕੰਮ ਕਰਨਾ ਬਾਕੀ ਹੈ, ਜਿਸ ਵਿੱਚ ਕੋਰੋਨਾ ਵੈਕਸੀਨੇਸ਼ਨ ਦੀ ਮਾਨਤਾ ਸਬੰਧੀ ਤੇ ਹੋਰ ਅਜਿਹੇ ਤੱਥ ਵੀ ਸ਼ਾਮਿਲ ਹਨ।