ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਇੱਕ ਘਰ ਵਿੱਚ ਉਸ ਵੇਲੇ ਮਾਤਮ ਫੈਲ ਗਿਆ, ਜਦੋਂ ਚਲਦੀ ਵਾਸ਼ਿੰਗ ਮਸ਼ੀਨ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਹੋਈ। ਇਹ ਫਰੰਟ ਲੋਡਿੰਗ ਆਟੋਮੈਟਿਕ ਮਸ਼ੀਨ ਦੱਸੀ ਜਾ ਰਹੀ ਹੈ, ਜਿਸ ਬੱਚੇ ਦੀ ਮੌਤ ਹੋਈ ਉਹ 3 ਤੋਂ 4 ਸਾਲਾਂ ਦੀ ਉਮਰ ਦਾ ਦੱਸਿਆ ਜਾ ਰਿਹਾ ਹੈ। ਹਾਦਸਾ ਕ੍ਰਾਈਸਚਰਚ ਦੇ ਹੂਨ ਹੇਅ ਉਪਨਗਰ ਵਿੱਚ ਸ਼ਾਮ 5 ਵਜੇ ਦੇ ਲਗਭਗ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲਿਸ ਇਸ ਮੰਦਭਾਗੇ ਹਾਦਸੇ ਸਬੰਧੀ ਛਾਣਬੀਣ ਕਰ ਰਹੀ ਹੈ ਤੇ ਮਾਮਲਾ ਕੋਰਨਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਵਲੋਂ ਮਾਮਲੇ ਦੀ ਛਾਣਬੀਣ ਸ਼ੱਕੀ ਨਾ ਮੰਨਦਿਆਂ, ਸਧਾਰਨ ਰੂਪ ਵਿੱਚ ਹੀ ਕੀਤੀ ਜਾ ਰਹੀ ਹੈ।