ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਪਾਸੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਖੁੱਲ ਕੇ ਬਿਆਨਬਾਜੀਆਂ ਕਰ ਰਹੇ ਹਨ ਕਿ ਬਾਰਡਰ ਖੁੱਲਣ ਦੇ ਬਾਵਜੂਦ ਵੀ ਬਾਹਰੀ ਪ੍ਰਵਾਸੀ ਕਰਮਚਾਰੀਆਂ ਦੇ ਨਿਊਜੀਲੈਂਡ ਆਉਣ ਦੀ ਦਰ ਵਿੱਚ ਵਾਧਾ ਨਹੀਂ ਕੀਤਾ ਜਾਏਗਾ, ਪਰ ਦੂਜੇ ਪਾਸੇ ਪ੍ਰਵਾਸੀ ਕਰਮਚਾਰੀ ਜਿਨ੍ਹਾਂ ਖੇਤਰਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦਾ ਲੱਕ ਟੁੱਟਣ ਦੇ ਕਿਨਾਰੇ ਹੈ। ਖੇਤੀਬਾੜੀ ਤੇ ਹੋਰਨਾਂ ਕਈ ਖੇਤਰਾਂ ਵਾਂਗ ਪ੍ਰਵਾਸੀ ਕਰਮਚਾਰੀ 'ਏਜਡ ਕੇਅਰ' ਖੇਤਰ ਵਿੱਚ ਵੀ ਬੜੀ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਨਿਊਜੀਲ਼ੈਂਡ ਸਰਕਾਰ ਵਲੋਂ ਬਾਰਡਰ ਖੁੱਲਣ ਤੋਂ ਬਾਅਦ ਵੀ ਪ੍ਰਵਾਸੀ ਕਰਮਚਾਰੀਆਂ ਲਈ ਬਾਰਡਰ ਨਾ ਖੋਲੇ ਜਾਣ ਦੀ ਗੱਲ ਇਸ ਖੇਤਰ ਲਈ ਚਿੰਤਾ ਦਾ ਵਿਸ਼ਾ ਸਾਬਿਤ ਹੋ ਸਕਦਾ ਹੈ।
ਇਮੀਗ੍ਰੇਸ਼ਨ ਮਨਿਸਟਰ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਪ੍ਰਵਾਸੀਆਂ ਨਾਲ ਸਬੰਧਤ ਇਸ ਖੇਤਰ ਦੇ ਕਾਰੋਬਾਰੀਆਂ ਨੂੰ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਹੋਰ ਤਰੀਕੇ ਸੋਚਣੇ ਚਾਹੀਦੇ ਹਨ, ਜਿਸ ਵਿੱਚ ਲੋਕਲ ਪੱਧਰ ਦੇ ਕਰਮਚਾਰੀਆਂ ਨੂੰ ਜਿਆਦਾ ਤਰਜੀਹ ਦਿੱਤੇ ਜਾਣਾ ਸ਼ਾਮਿਲ ਹੈ।
ਏਜਡ ਕੇਅਰ ਅਸੋਸੀਏਸ਼ਨ ਦੇ ਮੁੱਖ ਪ੍ਰਬਧੰਕ ਸਾਈਮਨ ਵੇਲੇਸ ਦਾ ਕਹਿਣਾ ਹੈ ਕਿ ਨਿਊਜੀਲੈਂਡ ਵਿੱਚ ਇਸ ਖੇਤਰ ਵਿੱਚ ਕੰਮ ਕਰਦੇ ਲਗਭਗ 30,000 ਕਰਮਚਾਰੀਆਂ ਦਾ 75% ਨਿਊਜੀਲੈਂਡ ਵਾਸੀ ਹੀ ਹਨ, ਪਰ ਇਸਦੇ ਬਾਵਜੂਦ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਪ੍ਰਵਾਸੀ ਕਰਮਚਾਰੀ ਬਹੁਤ ਜਰੂਰੀ ਹਨ।
20,000 ਕੇਅਰ ਗਿਵਰ ਕਰਮਚਾਰੀਆਂ ਚੋਂ 25% ਕਰਮਚਾਰੀ ਪ੍ਰਵਾਸੀ ਹਨ ਤੇ ਇਨ੍ਹਾਂ ਹੀ ਨਹੀਂ ਏਜਡ ਕੇਅਰ ਵਿੱਚ ਕੰਮ ਕਰਨ ਵਾਲੀਆਂ 55% ਨਰਸਾਂ ਵੀ ਪ੍ਰਵਾਸੀ ਹੀ ਹਨ, ਜੋ ਆਰਜੀ ਵੀਜਿਆਂ 'ਤੇ ਇੱਥੇ ਹਨ ਤੇ ਨਰਸਾਂ ਦੀ ਘਾਟ ਪੂਰੀ ਕਰਨ ਲਈ ਸਰਕਾਰੀ ਏਜੰਸੀਆਂ ਵੀ ਅਜੇ ਤੱਕ ਨਾਕਾਮ ਸਾਬਿਤ ਹੋਈਆਂ ਹਨ। ਹਾਲਾਂਕਿ ਟੂਰੀਜਮ ਖੇਤਰ ਵਿੱਚ ਨੌਕਰੀਆਂ ਗੁਆ ਚੁੱਕੇ ਪ੍ਰਵਾਸੀਆਂ ਨੂੰ ਰੈਸਟ ਹੋਮ ਵਾਲੇ ਕੰਮ ਦੇ ਰਹੇ ਹਨ ਤੇ ਵੈਲੇਸ ਅਨੁਸਾਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਏਜਡ ਕੇਅਰ ਖੇਤਰ ਪਹਿਲਾਂ ਹੀ ਨਿਊਜੀਲ਼ੈਂਡ ਵਾਸੀਆਂ ਨੂੰ ਤਰਜੀਹ ਦਿੰਦਾ ਹੈ, ਪਰ ਕਰਮਚਾਰੀਆਂ ਦੀ ਘਾਟ ਸਿਰਫ ਤੇ ਸਿਰਫ ਪ੍ਰਵਾਸੀ ਕਰਮਚਾਰੀਆਂ ਦੀ ਮੱਦਦ ਨਾਲ ਹੀ ਪੂਰੀ ਹੋ ਸਕਦੀ ਹੈ।