ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਆਕਲੈਂਡ `ਚ ਘਰਾਂ ਦੀਆਂ ਕੀਮਤਾਂ `ਚ ਦਿਨੋਂ-ਦਿਨ ਵਾਧਾ ਇਸ ਵੇਲੇ ਪੂਰੇ ਸਿਖ਼ਰ `ਤੇ ਪੁੱਜ ਚੁੱਕਾ ਹੈ। ਜੋ ਘਟਣਾ ਸ਼ੁਰੂ ਹੋ ਜਾਵੇਗਾ ਅਤੇ ਲੋਨ `ਤੇ ਬੈਂਕਾਂ ਦਾ ਵਿਆਜ ਦਰ ਵਧ ਜਾਵੇਗਾ। ਹਾਲਾਂਕਿ ਆਕਲੈਂਡ ਦੀ ਇਕ ਰੀਅਲ ਅਸਟੇਟ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਫਰਵਰੀ ਮਹੀਨੇ ਉਸ ਵੱਲੋਂ ਵੇਚੇ ਗਏ ਘਰਾਂ ਦੀ ਵਿਕਰੀ ਦਾ 17 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਿਨ੍ਹਾਂ `ਚ ਅੱਧਿEਂ ਵੱਧ ਘਰ ਇਕ ਮਿਲੀਅਨ ਡਾਲਰ ਕੀਮਤ ਤੋਂ ਵੱਧ ਕੀਮਤ `ਤੇ ਵੇਚੇ ਗਏ ਹਨ।
ਵੈਸਟਪੈਕ ਦੇ ਚੀਫ਼ ਇਕੌਨੋਮਿਸਟ ਡੌਮੀਨਿਕ ਸਟੀਫਨਜ ਨੇ ਆਪਣੇ ਤਾਜ਼ਾ ਵਿਸ਼ਲੇਸ਼ਣ ‘ਹੋਮ ਟਰੁੱਥਸ’ ਰਾਹੀਂ ਖੁਲਾਸਾ ਕੀਤਾ ਹੈ ਕਿ ਆਕਲੈਂਡ `ਚ ਨਵੇਂ ਬਣ ਰਹੇ ਘਰਾਂ ਕਾਰਨ ਸਾਲ 2028 `ਚ ਕੋਈ ਤੋਟ ਨਹੀਂ ਰਹੇਗੀ। ਇਸ ਵੇਲੇ ਆਕਲੈਂਡ `ਚ 32 ਹਜ਼ਾਰ ਘਰਾਂ ਦੀ ਘਾਟ ਹੈ ਜੋ ਕਿ ਅਗਲੇ ਸਾਲ ਤੱਕ 12 ਹਜ਼ਾਰ ਰਹਿ ਜਾਵੇਗੀ। ਹਾਲਾਂਕਿ ਉਨ੍ਹਾਂ ਮੰਨਿਆ ਕਿ ਇਸ ਵੇਲੇ ਸਾਲ 2003 ਤੋਂ ਵੀ ਤੇਜ਼ੀ ਨਾਲ ਘਰਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਪਰ ਛੇਤੀ ਹੀ ਕੀਮਤਾਂ ਵਧਣੀਆਂ ਰੁਕ ਜਾਣਗੀਆਂ। ਉਨ੍ਹਾਂ ਇਹ ਵੀ ਤਰਕ ਦਿੱਤਾ ਹੈ ਕਿ ਘਰਾਂ ਦੀ ਮੰਗ ਤੇਜੀ ਨਾਲ ਘਟ ਰਹੀ ਅਤੇ ਵਿਆਜ ਦਰਾਂ ਵਧਣ ਵਾਲੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਘਰਾਂ ਦੀਆਂ ਕੀਮਤਾਂ 12 ਫ਼ੀਸਦ ਵਧੀਆਂ ਸਨ ਅਤੇ ਸਾਲ ਦੇ ਅਖ਼ੀਰ `ਚ ਹੋਰ ਵੀ ਤੇਜ ਹੋ ਗਈਆਂ ਸਨ, ਕਿਉਂਕਿ ਲੋਨ `ਤੇ ਵਿਆਜ ਦਰ ਬਹੁਤ ਘੱਟ ਸੀ। ਪਿਛਲੇ ਸਮੇਂ ਦੌਰਾਨ ਉਮੀਦ ਨਾਲੋਂ ਵੀ ਜਿਅਦਾ ਵਿਆਜ ਦਰ ਘਟ ਗਈ ਸੀ, ਜਿਸ ਕਰਕੇ ਇਸ ਸਾਲ ਘਰਾਂ ਦੀਆਂ ਕੀਮਤਾਂ 17 ਫ਼ੀਸਦ ਤੱਕ ਵੀ ਵਧ ਸਕਦੀਆਂ ਹਨ। ਪਰ ਸਟੀਫਨਜ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਸਾਲ ਵਾਧਾ ਸਿਰਫ਼ ਸਾਢੇ 7 ਫ਼ੀਸਦ ਤੱਕ ਰਹਿ ਜਾਵੇਗਾ ਅਤੇ 2023 `ਚ ਘਰਾਂ ਦੀਆਂ ਕੀਮਤਾਂ `ਚ ਕੋਈ ਵਾਧਾ ਨਹੀਂ ਹੋਵੇਗਾ।