ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ ) ਇਮੀਗਰੇਸ਼ਨ ਨਿਊਜ਼ੀਲੈਂਡ ਨੇ 85 ਫੁੱਟ ਲੰਬੀ ਸੁਪਰਯਾਟ `ਚ ਸਵਾਰ 23 ਯਾਤਰੀਆਂ ਚੋਂ 7 ਯਾਤਰੀਆਂ ਨੂੰ ਵੀਜ਼ੇ ਤੋਂ ਨਾਂਹ ਕਰ ਦਿੱਤੀ ਹੈ, ਜੋ ਈਸ਼ੈਂਸ਼ਲ ਵਰਕਰਜ ਦੀ ਕੈਟਾਗਿਰੀ `ਚ ਨਹੀਂ ਆਉਂਦੇ ਸਨ।ਇਸ ਯਾਟ ਦਾ ਮਾਲਕ ਗੂਡੋ ਕਰਾਸ, ਜਰਮਨੀ ਦਾ ਇੱਕ ਇੰਡਸਟਰੀਅਲਇਸਟ ਹੈ, ਜੋ ਆਪਣੇ ਸਾਥੀਆਂ ਨਾਲ ਅਮਰੀਕਾ ਵਰਲਡ ਕੱਪ ਦਾ ਈਵੈਂਟ ਵੇਖਣਾ ਚਾਹੁੰਦਾ ਸੀ। ਹੁਣ ਯਾਟ ਆਸਟਰੇਲੀਆ ਵੱਲ ਰਵਾਨਾ ਹੋ ਗਈ ਹੈ। ਇਮੀਗਰੇਸ਼ਨ ਦਾ ਤਰਕ ਹੈ ਕਿ ਵੀਜ਼ਾ ਠੁਕਰਾਏ ਜਾਣ ਲਈ ਮਾਲਕ ਜਿੰਮੇਵਾਰ ਹੈ,ਜਿਸਨੇ ਵੀਜ਼ਾ ਲੈਣ ਲਈ ਲੋੜੀਂਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ।
ਇਮੀਗਰੇਸ਼ਨ ਨਿਊਜ਼ੀਲੈਂਡ ਦੇ ਨੈਸ਼ਨਲ ਬਾਰਡਰ ਮੈਨੇਜਰ ਪੀਟਰ ਈਲਮਜ ਅਨੁਸਾਰ ਐਮਵੀ ਬੋਲਡ ਯਾਟ ਦੇ 23 ਯਾਤਰੀਆਂ ਨੂੰ ਵੀਜ਼ਾ ਦੇਣ ਸਮੇਂ ਕੀਤੀ ਗਈ ਅਸੈਸਮੈਂਟ ਦੌਰਾਨ ਸਾਹਮਣੇ ਆਇਆ ਕਿ ਸੱਤ ਵਿਅਕਤੀ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਕਿਸੇ ਵੀ ਵਿਦੇਸ਼ੀ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਪਹਿਲਾਂ ਡਾਇਰੈਕਟਰ ਜਨਰਲ ਹੈੱਲਥ ਤੋਂ ਪ੍ਰਵਾਨਗੀ ਲਵੇ ਕਿ ਉਹ ਈਸ਼ੈਂਸ਼ਲ ਕੈਟਾਗਿਰੀ `ਚ ਆਉਂਦਾ ਹੈ ਅਤੇ ਉਸਦਾ ਨਿਊਜ਼ੀਲੈਂਡ ਆਉਣਾ ਜ਼ਰੂਰੀ ਹੈ। ਪਰ ਆਮ ਯਾਤਰੀਆਂ ਨੂੰ ਬਾਰਡਰ ਪਾਬੰਦੀ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ। ਜਿਸ ਕਰਕੇ ਯਾਟ ਵਿਚਲੇ 7 ਆਮ ਯਾਤਰੀਆਂ ਨੂੰ ੰ ਵੀਜ਼ਾ ਅਪਲਾਈ ਕਰਨ ਵਾਲੇ ਸੱਦਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਲਈ ਸੁਪਰਯਾਟ ਦਾ ਮਾਲਕ ਜਿ਼ਮੇਵਾਰ ਹੈ, ਜਿਸਨੂੰ ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਚਾਹੀਦੀ ਸੀ ਕਿ ਵੀਜ਼ੇ ਲਈ ਸ਼ਰਤਾਂ ਕੀ ਹਨ ਅਤੇ ਕਿਹੜੀਆਂ-ਕਿਹੜੀਆਂ ਕਾਨੂੰਨੀ ਮਾਨਤਾਵਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਪੀਟਰ ਨੇ ਦੱਸਿਆ ਕਿ ਇਮੀਗਰੇਸ਼ਨ ਇਸ ਗੱਲ `ਤੇ ਜ਼ੋਰ ਦਿੰਦੀ ਹੈ ਕਿ ਜੋ ਵੀ ਕੋਈ ਵਿਅਕਤੀ ਨੂਿੳਜ਼ੀਲੈਂਡ ਆਉਣਾ ਚਾਹੁੰਦਾ ਹੈ, ਉਹ ਘਰੋਂ ਤੁਰਨ ਤੋਂ ਪਹਿਲਾਂ ਇਹ ਗੱਲ ਯਕੀਨੀ ਬਣਾ ਲਵੇ ਕਿ ਉਸਨੇ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਕਰ ਲਈਆਂ ਹਨ।