ਆਕਲੈਂਡ (ਤਰਨਦੀਪ ਬਿਲਾਸਪੁਰ ) ਪੰਜਾਬੀ ਦੀ ਇੱਕ ਕਹਾਵਤ ਬਣ ਚੁੱਕਿਆ ਗੀਤ ਕਿ ' ਜਿਥੇ ਵੀ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ ' ਕੱਲ ਟੀ-ਪੁੱਕੀ ਦੇ ਦਸਮੇਸ਼ ਸਪੋਰਟਸ ਕਲੱਬ ਵਲੋਂ ਕਰਵਾਏ ਖੇਡ ਮੇਲੇ ਨੂੰ ਦੇਖਕੇ ਜਵਾਂ ਸੱਚ ਲੱਗਣ ਲੱਗ ਪਿਆ ਹੈ | ਮੈਂ ਤੇ ਜਸਪ੍ਰੀਤ ਆਕਲੈਂਡ ਤੋਂ ਐਤਵਾਰ 14 ਮਾਰਚ 2021 ਜਾਣੀ ਚੜਦੇ ਚੇਤ ਸਵੇਰੇ ਸਵਾ ਕੁ ਅੱਠ ਵਜੇ ਟੀ-ਪੁੱਕੀ ਨੂੰ ਰਵਾਨਾ ਹੋ ਗਏ ਸਾਂ |
ਖੂਬਸੂਰਤ ਸਵੇਰ ,ਹਲਕੀ ਠੰਡ ਕੌਫੀ ਦੀਆਂ ਘੁੱਟਾਂ ਨਾਲ ਆਕਲੈਂਡ ਦੀਆਂ ਸੜਕਾਂ ਤੋਂ ਹੁੰਦੇ ਹੋਏ ,ਵਾਇਆ ਵਾਈਕਾਟੋ ਅਸੀਂ ਸਾਢੇ ਕੁ ਦਸ ਵਜੇ ਕਾਈ ਮਾਈ ਦੀ ਪਹਾੜੀ ਦੀ ਟੀਸੀ ਤੋਂ ਬੇ ਆਫ ਪਲੈਂਟੀ ਦੇ ਖਿੱਤੇ ਵਿਚ ਦਾਖਿਲ ਹੋ ਗਏ ਸਾਂ | ਕੀਵੀ ਫਰੂਟ ਦੀ ਖੁਸ਼ਬੂ ਪੇਂਡੂ ਖੁੱਲੇ ਲੋਕਾਂ ਦੇ ਜੂਟ ,ਟਰੈਕਟਰ ,ਫਾਰਮਾਂ ਵਾਲੇ ਸਕੂਟਰ ਸਾਨੂੰ ਦਿਖਣ ਲੱਗ ਪਾਏ ਸਨ |
ਅਗਲੇ ਅੱਧੇ ਕੁ ਘੰਟੇ ਵਿਚ ਪੰਜਾਬੀਆਂ ਦੀ ਦੂਸਰੀ ਰਾਜਧਾਨੀ ਟੀ-ਪੁੱਕੀ ਦੇ ਬਾਹਰ ਬਣਿਆ ਕੀਵੀ ਫਰੂਟ ਦਾ ਬੁੱਤ ਸਾਨੂੰ ਜੀ ਆਇਆ ਕਹਿ ਰਿਹਾ ਸੀ | ਸਵਾ ਕੁ ਦੋ ਸੌ ਕਿਲੋਮੀਟਰ ਦੀ ਯਾਤਰਾ ਟੀ ਪੁੱਕੀ ਗੁਰੂ ਘਰ ਜਾਕੇ ਸਮਾਪਤ ਹੁੰਦੀ ਹੈ |
ਜਿਥੇ ਹਲਕੀ ਹਲਕੀ ਗੁਰਬਾਣੀ ਦੀ ਮਧੁਰ ਆਵਾਜ਼ ,ਪਕੌੜਿਆਂ ਤੇ ਪਰੌਠਿਆਂ ਦੀ ਖੁਸ਼ਬੂ ਸਾਡੀ ਯਾਤਰਾ ਨੂੰ ਮੰਗਲਮਈ ਕਰ ਰਹੀ ਸੀ | ਸਾਹਮਣੇ ਸਾਡੇ ਤੋਂ ਵੀ ਪਹਿਲਾ ਹੇਸਟਿੰਗਜ਼ ਵਾਲੇ ਬਾਈ ਚਰਨਜੀਤ ਸਿੰਘ ਥਿਆੜਾ ਹੁਰਾਂ ਦਾ ਜੱਥਾ ਪਹੁੰਚਿਆ ਹੋਇਆ ਸੀ |
ਗੁਰੂ ਘਰ ਨਮਸਕਾਰ ਕਰਕੇ ,ਗੁਰੂ ਕੇ ਲੰਗਰ ਵਿਚ ਲੋੜ ਮੁਤਾਬਿਕ ਲੰਗਰ ਛੱਕ ਕਿ ਜਿਓਂ ਹੀ ਬਾਹਰ ਨਿੱਕਲੇ ਬਾਈ ਚਰਨਜੀਤ ਸਿੰਘ ਥਿਆੜਾ ਹੁਰਾਂ ਵਲੋਂ ਹੇਸਟਿੰਗਜ਼ ਦੇ ਸੇਬਾਂ ਦਾ ਤੋਹਫ਼ਾ ਮਿਲਦਾ ਹੈ |
ਅੱਗੇ ਗੁਰੂ ਘਰ ਦੇ ਸਾਹਮਣੇ ਗਰਾਊਂਡਾਂ ਵਿਚ ਜਾ ਪਹੁੰਚਦੇ ਹਾਂ | ਦੇਖਦੇ ਹਾਂ ਕਿ ਟੈਂਟ ਹੀ ਟੈਂਟ ਨਜ਼ਰ ਆ ਰਹੇ ਹਨ ,ਪਰ ਬੰਦਿਆਂ ਦੀ ਗਿਣਤੀ ਟੈਂਟਾਂ ਦੇ ਮੁਕਾਬਲਤਨ ਨਹੀਂ ,ਸਾਨੂੰ ਗਿਆਰਾਂ ਵਜੇ ਦਾ ਸਮਾਂ ਮਿਲਿਆ ਸੀ ਕਿ ਖੇਡਾਂ ਸ਼ੁਰੂ ਹੋ ਜਾਣਗੀਆਂ |
ਪਰ ਗਰਾਊਂਡ ਵਿਚ ਸਾਢੇ ਗਿਆਰਾਂ ਵੀ ਕੋਈ ਤਿਆਰੀ ਨਜ਼ਰ ਨਹੀਂ ਸੀ ਆ ਰਹੀ | ਐਨੇ ਨੂੰ ਵਾਲੀਬਾਲ ਵਾਲੀ ਗਰਾਊਂਡ ਤੋਂ ਭੁਪਿੰਦਰ ਭਿੰਦੇ ਹੁਰੀਂ ਖੇਡਦੇ ਨਜ਼ਰ ਆਏ | ਅਸੀਂ ਓਧਰ ਨੂੰ ਹੋ ਤੁਰੇ ਤੇ ਜਸਪ੍ਰੀਤ ਨੇ ਆਪਣੇ ਕੈਮਰੇ ਫਿੱਟ ਕਰਨੇ ਸ਼ੁਰੂ ਕਰ ਦਿੱਤੇ ਤੇ ਮੈਂ ਇਧਰ ਉਧਰ ਇੱਕ ਦੁੱਕਾ ਲੋਕਾਂ ਨੂੰ ਮਿਲਣ ਲੱਗ ਪਿਆ | ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਕੱਠ ਨਾ ਹੋਵੇ ,ਜਿਵੇਂ ਅਕਸਰ ਹੁੰਦਾ ਹੈ |
ਪਰ ਹੌਲੀ ਹੌਲੀ ਟੋਲੀਆਂ ਦੇ ਰੂਪ ਵਿਚ ਬੀਬੀਆਂ ਸਭ ਤੋਂ ਪਹਿਲਾ ਆਈਆਂ ,ਇਹ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ | ਐਨੇ ਨੂੰ ਪਿੱਛੇ ਬੱਚਿਆਂ ਲਈ ਵੱਖ ਵੱਖ ਝੂਟਿਆਂ ਵਾਲੇ ਆਪੋ ਆਪਣੀਆਂ ਥਾਵਾਂ ਸੈੱਟ ਕਰਨ ਲੱਗ ਪਏ | ਮੈਨੂੰ ਉਦੋਂ ਜਵਾਂ ਹੀ ਤਖਤੂਪੁਰੇ ਦੀ ਮਾਘੀ ਦਾ ਮੇਲਾ ਯਾਦ ਆ ਗਿਆ | ਜਵਾਂ ਹੀ ਉਵੇਂ ਨਜ਼ਰ ਆ ਰਿਹਾ ਸੀ , ਐਨੇ ਨੂੰ ਟੌਰੰਗੇ ਏਰੀਆ ਦਾ ਮਸ਼ਹੂਰ ਹਲਵਾਈ ਬੌਬੀ ਘੁੰਮਣ ਵੀ ਜਲੇਬੀਆਂ ਕੱਢਣ ਵਾਸਤੇ ਕੁਰਚਣੇ ਚੱਕੀ ਆਉਂਦਾ ਦਿਸਿਆ |
ਇੱਕ ਸਰਦਾਰ ਸਾਬ ਨੇ ਟਿੱਕੀਆਂ ,ਗੋਲਗੱਪਿਆ ,ਫ੍ਰਾਈਆਂ ਵਾਲੀ ਸਟਾਲ ਲਾ ਦਿੱਤੀ | ਦਸਮੇਸ਼ ਸਪੋਰਟਸ ਕਲੱਬ ਦੇ ਹੀ ਵਲੰਟੀਅਰ ਵੀਰਾਂ ਵਲੋਂ ਐਨੇ ਨੂੰ ਸਬੀਲ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ | ਪਰਮਵੀਰ ਬੈਂਸ ਐਨੇ ਨੂੰ ਠੰਡਿਆਂ ਦਾ ਭਰਿਆ ਵੱਡਾ ਕੰਟੇਨਰ ਨੁਮਾ ਫਰੀਜ਼ਰ ਸਾਈਡ ਤੇ ਖੜਾ ਕਰ ਜਾਂਦਾ ਹੈ | ਨਿਹਾਲ ਸਿੰਘ ਅੰਮ੍ਰਿਤਸਰੀਏ ਦੀ ਢੰਡਿਆਈ ਪੀਣ ਵਾਲੇ ਵੀ ਆਕਲੈਂਡ ਵਾਲੇ ਮੇਰੇ ਸਿਰਨਾਵੀਂਏ ਤਰਨ ਚੀਮੇ ਤੋਂ ਉਸਦਾ ਫੋਨ ਨੰਬਰ ਪੁੱਛਦੇ ਦੇਖਦਾ ਹਾਂ |
ਇਸੇ ਤਰਾਂ ਬੱਸ ਵੇਖਦੇ ਵੇਖਦੇ ਦੁਆਬੇ ਦੇ ਮਸ਼ਹੂਰ ਸ਼ੰਕਰ ਪਿੰਡ ਦੇ ਮੇਲੇ ਵਾਂਗ ਸਾਰੇ ਟੈਂਟ ਭਰ ਜਾਂਦੇ ਹਨ | ਫਿਰ ਮੈਨੂੰ ਲੱਗਿਆ ਕਿ ਟੀ-ਪੁੱਕੀ ਵਾਲ਼ਿਆਂ ਨੂੰ ਪਤਾ ਹੈ ਕਿ ਇਹ ਉਹਨਾਂ ਦਾ ਸਤਾਰਵਾਂ ਟੂਰਨਾਮੈਂਟ ਹੈ | ਸੋ ਖਿੜੀ ਦੁਪਹਿਰ ਵਿਚ ਦਰਸ਼ਨ ਨਿੱਝਰ ,ਕਾਂਤਾ ਧਾਲੀਵਾਲ ,ਗੋਲਡੀ ਸਹੋਤਾ ,ਬਬਲੂ ਕੁਰਕਸ਼ੇਤਰ ਹੁਰੀਂ ਕਬੱਡੀ ਦੀਆਂ ਟਾਈਆਂ ਪਾਉਂਦੇ ਹਨ | ਪੰਮੀ ਬੋਲੀਨਾ ,ਦਿਲਾਵਰ ਹਰੀਪੁਰ ,ਸਾਬੀ ਬੋਲੀਨਾ ਅਤੇ ਸਾਥੀ ਵਿਸਲਾਂ ਗੱਲ ਵਿਚ ਪਾਕੇ ਗਰਾਊਂਡ ਵੱਲ ਤੁਰ ਪੈਂਦੇ ਹਨ |
ਪਹਿਲਾ ਹੀ ਮੈਚ ਵਾਈਕਾਟੋ ਕਲਗੀਧਰ ਤੇ ਆਜ਼ਾਦ ਸਪੋਰਟਸ ਕਲੱਬ ਵਿਚਕਾਰ ਪੈ ਜਾਂਦਾ ਹੈ | ਫਸਵੇਂ ਮੁਕਾਬਲੇ ਪਹਿਲੇ ਹੀ ਮੈਚ ਤੋਂ ਸ਼ੁਰੂ ਹੋ ਜਾਂਦੇ ਹਨ | ਜਿਓਂ ਹੀ ਐਚ.ਡੀ ਲਾਈਵ ,ਐਨ ਜ਼ੈਡ ਪੰਜਾਬੀ ਨਿਊਜ਼ ਅਤੇ ਐਨ ਜ਼ੈੱਡ ਕਬੱਡੀ ਲਾਈਵ ਤੇ ਲਾਈਵ ਸ਼ੁਰੂ ਹੁੰਦਾ ਹੈ ਤਾਂ ਨਵੇਂ ਪੂਰ ਦੀਆਂ ਵਹੀਰਾਂ ਟੀ-ਪੁੱਕੀ ਵੱਲ ਤੁਰਨੀਆਂ ਸ਼ੁਰੂ ਹੋ ਜਾਂਦੀਆਂ ਹਨ | ਖੇਡ ਮੇਲੇ ਦੇ ਸਪੌਂਸਰਜ਼ ਨੂੰ ਗੋਪਾ ਬੈਂਸ ਖੁਦ ਖੇਡ ਮੇਲੇ ਦੇ ਪਵੇਲੀਅਨ ਵੱਲ ਲੈਕੇ ਆਉਂਦਾ ਹੈ | ਗੋਰੇ ਪੰਜਾਬੀਆਂ ਦੇ ਟੀ-ਪੁੱਕੀ ਵਾਲੇ ਖੇਡ ਮੇਲੇ ਨੂੰ ਦੇਖ ਕੇ ਅਸ਼-ਅਸ਼ ਕਰ ਉੱਠਦੇ ਹਨ | ਫ੍ਰੀ ਵਿਚ ਲੱਗੀਆਂ ਖਾਣ ਵਾਲੀਆਂ ਸਟਾਲਾਂ , ਬੱਚਿਆਂ ਲਈ ਖੇਡਾਂ ਅਤੇ ਝੂਟੇ ਇਹ ਆਮ ਤੌਰ ਤੇ ਸੰਭਵ ਜਾ ਨਹੀਂ ਲੱਗਦਾ |
ਇਸ ਮੇਲੇ ਦੀ ਜੋ ਖਾਸੀਅਤ ਮੈਂ ਅਹਿਮ ਰੂਪ ਵਿਚ ਦੇਖੀ ਉਹ ਸੀ ,ਬੀਬੀਆਂ ਦੀ ਬਰਾਬਰ ਦੀ ਸਹਿਮੂਲੀਅਤ , ਬੱਚਿਆਂ ਦੀਆਂ ਖੇਡਾਂ ਵਿਚਕਾਰ ਤੇ ਮਿਉਂਜ਼ਿਕਲ ਚੇਅਰ ਦੌਰਾਨ ਆਪਣੀਆਂ ਸਾਥਣਾਂ ਦੀ ਹੌਸਲਾ ਅਫ਼ਜ਼ਾਈ ਲਈ ਭੈਣਾਂ ਨੇ ਖੂਬ ਕਿਲਕਾਰੀਆਂ ਮਾਰੀਆਂ |
ਇੱਕ ਖਾਸ਼ ਗੱਲ ਇਹ ਵੀ ਰਹੀ ਕਿ ਇਸ ਮੇਲੇ ਵਿਚ ਉੱਭਰਦੇ ਕਬੱਡੀ ਦੇ ਸਟਾਰ ਖਿਡਾਰੀ ਮੁਸਕਾਨ ਸਿੰਘ ਨੂੰ ਜਿਥੇ ਗੋਲ੍ਡ ਮੈਡਲ ਨਾਲ ਸਨਮਾਨਿਤ ਕੀਤਾ ,ਉੱਥੇ ਹੀ ਇਸ ਗੱਭਰੂ ਨੇ ਬੈਸਟ ਰੇਡਰ ਦਾ ਖਿਤਾਬ ਆਪਣੇ ਨਾਮ ਕੀਤਾ ਤੇ ਮੁਸਕਾਨ ਦੀ ਮਾਤਾ ਬੀਬੀ ਸੁਰਿੰਦਰ ਕੌਰ ਹੋਰਾਂ ਨੇ ਮਿਊਜ਼ਿਕਲ ਚੇਅਰ ਵਿਚ ਪਹਿਲਾ ਨੰਬਰ ਚੱਕਿਆ | ਓਧਰ ਬੈਸਟ ਸਟਾਪਰ (ਜਾਫ਼ੀ) ਦਾ ਖਿਤਾਬ ਸਵਰਨ ਖੱਟੜਾ ਨੂੰ ਮਿਲਿਆ |
ਦੂਸਰੇ ਪਾਸੇ ਕਬੱਡੀ ਦੇ ਮੁਕਾਬਲੇ ਐਨ ਸਖਤ ਫਸਵੇਂ ਇਵੇਂ ਰਹੇ ਜਿਵੇਂ ਹੋਲੇ ਮੁਹੱਲੇ ਦਾ ਅਨੰਦਪੁਰ ਦਾ ਕੱਪ ਹੋਵੇ |
ਫਾਈਨਲ ਮੁਕਾਬਲੇ ਵਿਚ ਦਸਮੇਸ਼ ਸਪੋਰਟਸ ਕਲੱਬ ਟੀ-ਪੁੱਕੀ ਨੇ ਆਪਣੇ ਹੋਮ ਗਰਾਊਂਡ ਤੇ ਸੀਜ਼ਨ ਦੀ ਸਭ ਤੋਂ ਤਕੜੀ ਜਾਫ਼ ਲਾਈਨ ਵਾਲੀ ਟੀਮ ਆਜ਼ਾਦ ਸਪੋਰਟਸ ਕਲੱਬ ਨੂੰ ਅਤਿ ਫਸਵੇਂ ਮੁਕਾਬਲੇ ਵਿਚ ਅੱਧੇ ਪੁਆਇੰਟ ਨਾਲ ਹਰਾ ਕਿ ਟ੍ਰਾਫ਼ੀ ਆਪਣੇ ਨਾਮ ਕੀਤੀ |
ਜਦੋਂਕਿ ਵਾਲੀਬਾਲ ਵਿਚ ਟਾਈਗਰ ਸਪੋਰਟਸ ਕਲੱਬ ਨੇ ਦਸਮੇਸ਼ ਸਪੋਰਟਸ ਕਲੱਬ ਟੀ-ਪੁੱਕੀ ਦੀ ਟੀਮ ਨੂੰ ਇੱਕ ਪਾਸੜ ਮੁਕਾਬਲੇ ਵਿਚ ਹਰਾਕੇ ਸਿੰਦਰ ਸਮਰੇ ,ਹਰਜੀਤ ਰਾਏ ,ਭਿੰਦੇ ਪਾਸਲੇ ਹੁਰਾਂ ਨੂੰ ਇੱਕ ਲੱਤ ਤੇ ਨੱਚਦਿਆਂ ਦੇਖਿਆ |
ਸ਼ਾਮ ਨੂੰ ਕਾਰਾਂ , ਜੂਟਾਂ ਦੀਆਂ ਖੁੱਲੀਆਂ ਡਿੱਗੀਆਂ ਤਹਾਨੂੰ ਟੀ-ਪੁੱਕੀ ਤੋਂ ਸਿੱਧਾ ਛਪਾਰ ਦੇ ਮੇਲੇ ਲੈ ਜਾਂਦੀਆਂ ਹਨ |
ਜਿਥੇ ਪ੍ਰਬੰਧਕਾਂ ਸਭ ਨੂੰ ਖੁਸ਼ ਕੀਤਾ , ਉੱਥੇ ਹੀ ਆਏ ਹਰ ਮਹਿਮਾਨ ,ਸਪਾਂਸਰ ਨੂੰ ਖੂਬਸੂਰਤ ਯਾਦਗਾਰੀ ਸਨਮਾਨਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਨਾਲ ਦੀ ਨਾਲ 21 ਮਾਰਚ ਨੂੰ ਟਾਕਾਨੀਨੀ ਗੁਰੂ ਘਰ ਦੇ ਗਰਾਊਂਡਾਂ ਵਿਚ ਮਿਲਣ ਦੇ ਵਾਅਦੇ ਨਾਲ ਵਿਦਾਈ ਲਈ .....!