ਆਕਲੈਂਡ (ਹਰਪ੍ਰੀਤ ਸਿੰਘ) - ਵਿਰੋਧੀ ਧਿਰ ਦੀ ਨੇਤਾ ਤੇ ਨੈਸ਼ਨਲ ਪ੍ਰਧਾਨ ਜੂਡਿਥ ਕੌਲੀਨਜ਼ ਵਲੋਂ ਅੱਜ ਇਹ ਤਰਕ ਦਿੱਤਾ ਗਿਆ ਹੈ ਕਿ ਨਿਊਜੀਲੈਂਡ ਦਾ ਟੂਰੀਜਮ ਖੇਤਰ ਮੰਦੀ ਦੀ ਹੋਰ ਮਾਰ ਨਹੀਂ ਝੱਲ ਸਕਦਾ ਤੇ ਇਸੇ ਲਈ ਟ੍ਰਾਂਸ ਤਾਸਮਨ ਟਰੈਵਲ ਬਬਲ ਦੀ ਸ਼ੁਰੂਆਤ ਜਲਦ ਤੋਂ ਜਲਦ ਕਰ ਦੇਣੀ ਚਾਹੀਦੀ ਹੈ। ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਇਸ ਮਸਲੇ 'ਤੇ ਅਜੇ ਵੀ ਸਖਤਾਈ ਵਰਤਦਿਆਂ ਤੇ ਸਾਵਧਾਨੀ ਨੂੰ ਮੁਹਰੇ ਰੱਖਦਿਆਂ ਕੌਰੀ ਨਾਂਹ ਕਰ ਰਹੀ ਹੈ।
ਦੱਸਦੀਏ ਕਿ ਆਸਟ੍ਰੇਲੀਆ ਦੇ ਕਈ ਇਲਾਕਿਆਂ ਨੇ ਨਿਊਜੀਲੈਂਡ ਵਾਸੀਆਂ ਨੂੰ ਇੱਕ ਤਰਫਾ ਕੁਆਰਂਟੀਨ ਮੁਕਤ ਯਾਤਰਾ ਦੀ ਇਜਾਜਤ ਅਕਤੂਬਰ ਵਿੱਚ ਹੀ ਦੇ ਦਿੱਤੀ ਸੀ, ਪਰ ਨਿਊਜੀਲੈਂਡ ਵਲੋਂ ਅਜੇ ਵੀ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਆਸਟ੍ਰੇਲੀਆ ਤੋਂ ਹਰ ਸਾਲ ਹਜਾਰਾਂ-ਲੱਖਾਂ ਦੀ ਗਿਣਤੀ ਵਿੱਚ ਯਾਤਰੀ ਨਿਊਜੀਲੈਂਡ ਪੁੱਜਦੇ ਹਨ ਤੇ ਇਸ ਕਰਕੇ ਟੂਰੀਜਮ ਇੰਡਸਟਰੀ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪਿਛੇ ਜਿਹੇ ਪ੍ਰਕਾਸ਼ਿਤ ਇੱਕ ਸਰਵੇਅ ਰਿਪੋਰਟ ਵਿੱਚ ਵੀ ਦੱਸਿਆ ਗਿਆ ਸੀ ਕਿ ਜੇਕਰ ਕੋਰੋਨਾ ਦੀ ਮੰਦੀ ਜਾਰੀ ਰਹਿੰਦੀ ਹੈ ਤਾਂ ਅਗਲੇ ਕੁਝ ਮਹੀਨਿਆਂ ਵਿੱਚ ਇੱਕ ਤਿਹਾਈ ਕਾਰੋਬਾਰੀ ਆਪਣੇ ਕਾਰੋਬਾਰ ਬੰਦ ਕਰਨ ਨੂੰ ਮਜਬੂਰ ਹੋ ਜਾਣਗੇ।