ਆਕਲੈਂਡ (ਹਰਪ੍ਰੀਤ ਸਿੰਘ) - ਫਿਲੀਪੀਂਜ ਦੇ ਜੈਫਰੀ ਪਿਨਲੇਕ, ਉਸਦੀ ਪਤਨੀ ਮਰਜੋਰੀ ਅਗੁਏਲਰ ਤੇ ਉਸਦੇ 7 ਸਾਲਾ ਬੱਚੇ ਨੂੰ ਇਮੀਗ੍ਰੇਸ਼ਨ ਟਿ੍ਰਬਿਊਨਲ ਵਲੋਂ ਵਾਪਿਸ ਫਿਲੀਪੀਂਜ ਡਿਪੋਰਟ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ।
ਦਰਅਸਲ ਪੇਸ਼ੇ ਵਜੋਂ ਕਾਰਪੇਂਟਰ ਦਾ ਕੰਮ ਕਰਦੇ ਜੈਫਰੀ ਨੇ ਅਪ੍ਰੈਲ ਵਿੱਚ ਲੱਗੇ ਲੌਕਡਾਊਨ ਦੌਰਾਨ ਝੂਠ ਬੋਲ ਕੇ $1600 ਮੁੱਲ ਦੇ ਫੂਡ ਵਾਊਚਰ ਹਾਸਿਲ ਕੀਤੇ ਸਨ, ਜੋ ਕਿ ਅਸਲ ਉਨ੍ਹਾਂ ਲੋੜਵੰਦਾਂ ਲਈ ਸਨ, ਜੋ ਲੌਕਡਾਊਨ ਦੌਰਾਨ ਕਿਸੇ ਤਰ੍ਹਾਂ ਦੀ ਸਰਕਾਰੀ ਮੱਦਦ ਹਾਸਿਲ ਕਰਨ ਵਿੱਚ ਅਸਮਰਥ ਸਨ।
ਇਸ ਨੂੰ ਇੱਕ ਘਿਨੌਣਾ ਕਾਰਾ ਦੱਸਦਿਆਂ ਟਿ੍ਰਬਿਊਨਲ ਵਲੋਂ ਉਨ੍ਹਾਂ ਨੂੰ $1500 ਹਰਜਾਨੇ ਵਜੋਂ ਤੇ 150 ਘੰਟੇ ਕਮਿਊਨਿਟੀ ਵਰਕ ਕਰਨ ਬਾਰੇ ਵੀ ਕਿਹਾ ਗਿਆ ਸੀ।
ਹਾਲਾਂਕਿ ਮਨੁੱਖਤਾ ਦੇ ਆਧਾਰ 'ਤੇ ਉਕਤ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫਿਲੀਪੀਂਜ ਡਿਪੋਰਟ ਨਾ ਕੀਤਾ ਜਾਏ, ਕਿਉਂਕਿ ਪਰਿਵਾਰ ਦਾ ਭਵਿੱਖ ਫਿਲੀਪੀਂਜ ਵਿੱਚ ਸੁਰੱਖਿਅਤ ਨਹੀਂ ਹੈ। ਪਰ ਟਿ੍ਰਬਿਊਨਲ ਨੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਤੇ ਕਿਹਾ ਕਿ ਕਿਉਂਕਿ ਉਹ ਇੱਕ ਕਾਰਪੈਂਟਰ ਹੈ ਇਸ ਲਈ ਉਹ ਆਸਾਨੀ ਨਾਲ ਉੱਥੇ ਕੰਮ ਲੱਭ ਸਕਦਾ ਹੈ, ਉਸਦੇ ਪਰਿਵਾਰਿਕ ਮੈਂਬਰ ਉੱਥੇ ਹਨ, ਇਸ ਲਈ ਉਹ ਆਸਾਨੀ ਨਾਲ ਦੁਬਾਰਾ ਉੱਥੇ ਰਹਿ ਸਕਦਾ ਹੈ। ਪਰਿਵਾਰ ਦੀ ਡਿਪੋਰਟੇਸ਼ਨ ਤਿੰਨ ਮਹੀਨੇ ਲਈ ਟਾਲੀ ਗਈ ਸੀ, ਤਾਂ ਜੋ ਪਰਿਵਾਰ ਨਿਊਜੀਲੈਂਡ ਵਿਚਲੇ ਆਪਣੇ ਅਧੂਰੇ ਕੰਮ ਪੂਰੇ ਕਰ ਸਕੇ।