ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਨਿਰੰਤਰ ਯਾਤਰਾ ਪਿਛਲੇ ਇੱਕ ਸਾਲ ਤੋਂ ਸੁਪਨਾ ਲੱਗ ਰਹੀ ਹੈ | ਪਰੰਤੂ ਹੁਣ ਮਾਹਿਰਾਂ ਦਾ ਮੰਨਣਾ ਹੈ ਕਿ ਅਪ੍ਰੈਲ ਮਹੀਨੇ ਦੇ ਅਖੀਰ ਵਿਚ ਇਹ ਯਾਤਰਾ ਨਿਰਵਿਘਨ ਸ਼ੁਰੂ ਹੋ ਜਾਵੇਗੀ |
ਨਿਊਜ਼ੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਦਾ ਕਹਿਣਾ ਹੈ ਕਿ ਉਹ ਬਹੁਤ “ਆਸ਼ਾਵਾਦੀ” ਹਨ ਕਿ ਸਰਕਾਰ ਜਲਦ ਹੀ ਟਰਾਂਸ-ਤਾਸਮਨ ਬਬਲ ਨੂੰ ਓਪਨ ਕਰ ਦੇਵੇਗੀ | ਉਹਨਾਂ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ 9 ਮਹੀਨਿਆਂ ਤੋਂ ਚੱਲ ਰਹੀ ਹੈ, ਅਤੇ ਕੋਵਿਡ -19 ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਨੇ ਇਸ ਹਫ਼ਤੇ ਕਿਹਾ ਕਿ ਅਧਿਕਾਰੀ ਫਰਵਰੀ ਦੀ ਸ਼ੁਰੂਆਤ ਵਿਚ ਇਕ ਸਮਝੌਤੇ 'ਤੇ ਪਹੁੰਚਣ ਦੇ ਨੇੜੇ ਸਨ | ਪਰ ਇੱਕ ਵਾਰ ਮੁੜ ਆਈਆਂ ਕਰੋਨਾ ਵੇਵਜ਼ ਨੇ ਪ੍ਰਬੰਧਾਂ ਨੂੰ ਹੋਰ ਪੁਖਤਾ ਅਤੇ ਸੁਰੱਖਿਅਤ ਬਣਾਉਣ ਦੇ ਰਾਹ ਤੋਰਿਆ ਹੈ |
ਦੋਵਾਂ ਮੁਲਕਾਂ ਦਾ ਹੁਣ ਇਹੀ ਜ਼ੋਰ ਲੱਗਿਆ ਹੋਇਆ ਹੈ ਕਿ ਇਸ ਬਬਲ ਦੀ ਯਾਤਰਾ ਨੂੰ ਕੁਆਰਨਟੀਨ ਮੁਕਤ ਕਿਵੇਂ ਕੀਤਾ ਜਾਵੇ | ਇਸ ਮੌਕੇ ਇਸ ਯਾਤਰਾ ਦਾ ਸ਼ੁਰੂ ਹੋਣਾ ਦੋਵਾਂ ਮੁਲਕਾਂ ਦੀ ਸਾਂਝੀ ਜਰੂਰਤ ਹੈ | ਇਸ ਸਾਰੇ ਲਈ ਪ੍ਰੀ ਟੈਸਟਿੰਗ ਦੇ ਨਾਲ ਨਾਲ ਜਹਾਜ਼ ਲੈਂਡ ਕਰਨ ਵੇਲੇ ਟੈਸਟਿੰਗ ਦੇ ਇੰਤਜ਼ਾਮ ਵੀ ਚਰਚਾ ਦਾ ਵਿਸ਼ਾ ਹਨ | ਦੋਵਾਂ ਮੁਲਕਾਂ ਦੇ ਹਾਈ ਆਫੀਸਲਜ਼ ਨੂੰ ਉਮੀਦ ਹੈ ਇਸ ਬਾਬਤ ਦੋਵਾਂ ਮੁਲਕਾਂ ਵਿਚ ਜਲਦ ਹੀ ਕੋਈ ਸਾਂਝੀ ਰਾਏ ਬਣ ਜਾਵੇਗੀ | ਜਿਸ ਨੂੰ ਅਪ੍ਰੈਲ ਦੇ ਅੰਤ ਤੱਕ ਅਮਲੀ ਜਾਮਾ ਵੀ ਪਵਾ ਦਿੱਤਾ ਜਾਵੇਗਾ |