ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਉਪਨਗਰ ਐਪਸਮ ਵਿੱਚ ਘਰੇਲੂ ਝਗੜੇ ਨੂੰ ਲੈਕੇ ਬਹੁਤ ਹੀ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੁਲਿਸ ਜਦੋਂ ਮੌਕੇ 'ਤੇ ਪੁੱਜੀ ਤਾਂ ਉਨ੍ਹਾਂ ਨੂੰ ਇੱਕ ਜੋੜਾ ਗੰਭੀਰ ਰੂਪ ਵਿੱਚ ਫੱਟੜ ਮਿਲਿਆ, ਜਿਨ੍ਹਾਂ ਨੂੰ ਮੁਢਲਾ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਇਸਦੇ ਨਾਲ ਹੀ ਪੁਲਿਸ ਨੂੰ ਇੱਕ ਹੋਰ ਗੱਭਰੂ ਨੌਜਵਾਨ ਵੀ ਮਿਲਿਆ, ਜੋ ਗੰਭੀਰ ਰੂਪ ਵਿੱਚ ਜਖਮੀ ਸੀ ਤੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਉਕਤ ਨੌਜਵਾਨ ਮਰਨ ਵਾਲਿਆਂ ਦਾ ਪੁੱਤਰ ਸੀ ਤੇ ਉਸਨੇ ਹੀ ਆਪਣੇ ਮਾਪਿਆਂ ਨੂੰ ਛੁਰੇ ਨਾਲ ਮਾਰ ਮੁਕਾਇਆ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਵੀ ਜਖਮੀ ਰੂਪ ਵਿੱਚ ਮੌਕੇ ਤੋਂ ਮਿਲਿਆ ਹੈ, ਪਰ ਉਹ ਗੰਭੀਰ ਰੂਪ ਵਿੱਚ ਜਖਮੀ ਨਹੀਂ ਹੈ।
ਡਿਟੇਕਟਿਵ ਇੰਸਪੈਕਟਰ ਸਕੋਟ ਬਰਡ ਅਨੁਸਾਰ ਪੁਲਿਸ ਨੇ ਛਾਣਬੀਣ ਆਰੰਭ ਦਿੱਤੀ ਹੈ, ਇਸ ਵੇਲੇ ਪੁਲਿਸ ਨੂੰ ਕਿਸੇ ਹੋਰ ਦੀ ਭਾਲ ਨਹੀਂ ਹੈ ਤੇ ਇਹ ਵੀ ਕਿ ਇਸ ਘਟਨਾ ਤੋਂ ਬਾਅਦ ਕਮਿਊਨਿਟੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ।