ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਕੋਲ 21 ਮਾਰਚ ਐਤਵਾਰ ਨੂੰ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦੇ ਉਦਘਾਟਨ ਦੌਰਾਨ ਵਿਸ਼ੇਸ਼ ਮੀਟਿੰਗ `ਚ ਟੈਂਪਰੇਰੀ ਵੀਜ਼ੇ ਵਾਲੇ ਮਾਈਗਰੈਂਟਸ ਦਾ ਮੁੱਦਾ ਪੂਰੀ ਗੰਭੀਰਤਾ ਨਾਲ ਉੱਠੇਗਾ। ਜਿਸ ਲਈ ਆਕਲੈਂਡ ਦੇ ਮੇਅਰ ਫਿਲ ਗੌਫ ਦੀ ਅਗਵਾਈ `ਚ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ, ਜੋ ਨਿਊਜ਼ੀਲੈਂਡ ਦੇ ਦੋ ਦਰਜਨ ਗੁਰਦੁਆਰਿਆਂ ਦੀ ਕਮੇਟੀ ਦੀ ਪ੍ਰਤੀਨਿਧਤਾ ਕਰੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਮਾਈਗਰੈਂਟਸ ਦਾ ਮੱੁਦਾ ਬਹੁਤ ਹੀ ਠਰ੍ਹੰਮੇ ਨਾਲ ਵਿਚਾਰਿਆ ਜਾ ਰਿਹਾ ਹੈ। ਜਿਸ ਕਰਕੇ ਨਿਊਜ਼ੀਲੈਂਡ ਦੇ 24-25 ਗੁਰਘਰਾਂ ਦੀਆਂ ਪ੍ਰਬੰਧਕੀ ਕਮੇਟੀਆਂ ਨੇ ਇੱਕ ਸਾਂਝਾ ਮੰਗ ਪੱਤਰ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਮਾਈਗਰੈਂਟਸ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ `ਤੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨਾਲ ਸਾਂਝਾ ਕਰਕੇ ਦੱਸਿਆ ਜਾਵੇਗਾ। ਪ੍ਰਬੰਧਕਾਂ ਨੇ ਇਸ ਗੱਲ `ਤੇ ਵੀ ਜ਼ੋਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਤੋਂ ਮਾਈਗਰੈਂਟਸ ਦੇ ਹੱਕ `ਚ ਕੋਈ ਨਾ ਕੋਈ ਐਲਾਨ ਜ਼ਰੂਰ ਕਰਵਾਇਆ ਜਾਵੇ ਤਾਂ ਜੋ ਵੀਜਿ਼ਆਂ ਦੇ ਬਾਵਜੂਦ ਇੱਕ ਸਾਲ ਤੋਂ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਲਈ ਬਾਰਡਰ ਖੁੱਲ੍ਹ ਸਕੇ। ਭਾਵ ਨਿਊਜ਼ੀਲੈਂਡ ਬਾਹਰ ਫਸੇ ਟੈਂਪਰੇਰੀ ਵੀਜ਼ੇ ਵਾਲੇ ਹਰ ਇੱਕ ਨੂੰ ਘੱਟੋ-ਘੱਟ ਇਕ ਵਾਰ ਨਿਊਜ਼ੀਲੈਂਡ ਆਉਣ ਦਾ ਮੌਕਾ ਜ਼ਰੂਰ ਦਿੱਤਾ ਜਾਵੇ।
ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਪਾਰਨਰਸਿ਼ਪ ਵੀਜ਼ੇ ਬਾਰੇ ਵੀ ਚਰਚਾ ਕੀਤੀ ਜਾਵੇਗੀ ਤਾਂ ਜੋ ਪਰਿਵਾਰਾਂ ਦੇ ਅਲੱਗ ਹੋ ਚੁੱਕੇ ਸਾਰੇ ਜੀਅ ਵਾਪਸ ਨਿਊਜ਼ੀਲੈਂਡ ਆ ਸਕਣ। ਨਿਊਜ਼ੀਲੈਂਡ ਤੋਂ ਬਾਹਰ ਜਿੰਨਾ ਦੇ ਵੀਜ਼ੇ ਖਤਮ ਹੋ ਚੁੱਕੇ ਹਨ ਜਾਂ ਮੁੱਕਣ ਵਾਲੇ ਹਨ, ਉਨ੍ਹਾਂ ਦੇ ਆਟੋਮੈਟਿਕ ਵੀਜ਼ੇ ਵਧਾਏ ਜਾਣ ਦੀ ਮੰਗ ਰੱਖੀ ਜਾਵੇਗੀ। ਪੇਰੈਂਟਸ ਕੈਟਾਗਿਰੀ `ਤੇ ਮੁੜ ਵਿਚਾਰ ਕਰਨ ਲਈ ਵੀ ਜ਼ੋਰ ਪਾਇਆ ਜਾਵੇਗਾ ਕਿਉਂਕਿ ਮੌਜੂਦਾ ਹਾਲਾਤ `ਚ ਇਸ ਕੈਟਾਗਿਰੀ ਦੀਆਂ ਸ਼ਰਤਾਂ ਬਹੁਤ ਸਖ਼ਤ ਹਨ। ਉਵਰ ਸਟੇਅ ਲੋਕਾਂ ਬਾਰੇ ਵੀ ਹਾਅ ਦਾ ਨਾਅਰਾ ਮਾਰਿਆ ਜਾਵੇਗਾ। ਸਰਕਾਰ ਨੂੰ ਦਲੀਲ ਦਿੱਤੀ ਜਾਵੇਗੀ ਕਿ ਨਿਊਜੀਲੈਂਡ ਦੇ ਇਤਿਹਾਸ `ਚ ਪਹਿਲਾਂ ਹਰ ਦਸ ਸਾਲ ਬਾਅਦ ਉਵਰ ਸਟੇਅਰਜ ਨੂੰ ਵਿਸ਼ੇਸ਼ ਮਾਫ਼ੀ (ਐਮਨੈਸਿਟੀ) ਤਹਿਤ ਪੱਕੇ ਕਰ ਦਿੱਤਾ ਜਾਂਦਾ ਸੀ ਪਰ ਪਿਛਲੇ 20 ਦੌਰਾਨ ਅਜਿਹਾ ਕੁੱਝ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ `ਚ ਅੰਮਿ੍ਰਤਧਾਰੀ ਸਿੰਘਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ‘ਪੰਜ ਕਕਾਰਾਂ’ ਬਾਰੇ ਵੀ ਗੱਲਬਾਤ ਚਲਾਈ ਜਾਵੇਗੀ, ਕਿਉਂਕਿ ਪਿਛਲੇ ਸਮੇਂ ਦੌਰਾਨ ਕਈ ਨੌਜਵਾਨਾਂ ਨੂੰ ਕੰਮ ਦੌਰਾਨ ਕਿਰਪਾਨ ਜਾਂ ਕੜਾ ਪਹਿਨਣ ਵੇਲੇ ਕਈ ਮਾਲਕਾਂ ਵੱਲੋਂ ਇਤਰਾਜ਼ ਕੀਤਾ ਜਾਂਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਆਕਲੈਂਡ ਦੇ ਮੇਅਰ ਫਿਲ ਗੌਫ ਤੇ ਕੁੱਝ ਹੋਰਨਾ ਸਮੇਤ ਸਿੱਖ ਭਾਈਚਾਰੇ ਦੇ ਦੋ-ਤਿੰਨ ਨੁਮਾਇੰਦਿਆਂ ਪ੍ਰਧਾਨ ਮੰਤਰੀ ਨਾਲ ਕਮਰਾਬੰਦ ਵਿਸ਼ੇਸ਼ ਮੀਟਿੰਗ ਕਰਨਗੇ।
ਜਿ਼ਕਰਯੋਗ ਹੈ ਕਿ 21 ਮਾਰਚ ਨੂੰ ਪ੍ਰਧਾਨ ਮੰਤਰੀ ਸਮੇਤ ਕਈ ਪਾਰਲੀਮੈਂਟ ਮੈਂਬਰਾਂ ਤੋਂ ਇਲਾਵਾ 120 ਵੀਆਈਪੀਜ ਪਹਿਲੀ ਵਾਰ ਸਿੱਖ ਭਾਈਚਾਰੇ ਦੇ ਵੱਡੇ ਸਮਾਗਮ ਦਾ ਹਿੱਸਾ ਬਣਨਗੇ।