ਆਕਲੈਂਡ (ਐੱਨਜੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਕਿਸਾਨ ਸਮਰਥਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਕਰਨ ਵਾਲੇ ਮੁਲਜ਼ਮ ਤਰਨ ਮਦਾਨ `ਤੇ ਅਦਾਲਤ ਨੇ ਕਈ ਪਾਬੰਦੀਆਂ ਲਾ ਦਿੱਤੀਆਂ ਹਨ। ਇਹ ਕੇਸ ਕਰਾਊਨ ਕੇਸ ਰੀਵਿਊ ਹੀਅਰਿੰਗ ਲਈ ਉਸਦੀ 2 ਜੂਨ ਤੱਕ ਟਾਲ ਦਿੱਤਾ ਹੈ। ਹਾਲਾਂਕਿ ਬੀਤੇ ਸ਼ੁੱਕਰਵਾਰ ਨੂੰ ਅਦਾਲਤ `ਚ ਪੇਸ਼ ਕਰਨ ਦੌਰਾਨ ਪੁਲੀਸ ਨੇ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ ਪਰ ਕੁੱਝ ਸ਼ਰਤਾਂ ਜਮਾਨਤ `ਤੇ ਰਿਹਾ ਕਰ ਦਿੱਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋਸ਼ਲ ਮੀਡੀਆ ਰਾਹੀਂ ਸਿੱਖ ਕਮਿਊਨਿਟੀ ਆਗੂ ਦਲਜੀਤ ਸਿੰਘ ਤੋਂ ਇਲਾਵਾ ਪਰਮਿੰਦਰ ਸਿੰਘ ਅਤੇ ਮਨਪ੍ਰੀਤ ਸੈਣੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਤਿੰਨ ਦੋਸ਼ਾਂ ਅਤੇ ਸ਼ੋਸ਼ਲ ਮੀਡੀਆ `ਤੇ ਪੋਸਟਾਂ ਪਾ ਕੇ ਨੁਕਸਾਨ ਕਰਨ ਦੇ ਦੋਸ਼ ਸਮੇਤ ਉਸਤੇ 6 ਕਿਸਮ ਦੇ ਦੋਸ਼ ਲੱਗੇ ਹਨ। ਹਾਲਾਂਕਿ ਉਸਨੇ ਆਪਣਾ ਗੁਨਾਹ ਨਹੀਂ ਕਬੂਲਿਆ।
ਬੀਤੇ ਸ਼ੁੱਕਰਵਾਰ ਸ਼ਾਮ ਪੰਜ ਵਜੇ ਆਕਲੈਂਡ ਡਿਸਟਰਿਕ ਕੋਰਟ `ਚ ਪੇਸ਼ੀ ਤੋਂ ਬਾਅਦ ਅਦਾਲਤੀ ਹੁਕਮਾਂ ਅਨੁਸਾਰ ਮੁਲਜ਼ਮ ਦੇ ਘਰ 24 ਘੰਟੇ ਸੱਤੇ ਦਿਨ ਕਰਫਿਊ ਵਰਗੇ ਹਾਲਾਤ ਰਹਿਣਗੇ। ਸੋਮਵਾਰ ਤੋਂ ਸਨਿੱਚਰਵਾਰ ਤੱਕ ਉਹ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਇਕ ਨਿਯਮਤ ਰੂਟ ਰਾਹੀਂ ਜੌਬ `ਤੇ ਜਾਣ ਲਈ ਪਾਬੰਦ ਹੋਵੇਗਾ। ਉਹ ਉਕਤ ਤਿੰਨਾਂ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਕਰੇਗਾ। ਕਿਸੇ ਵੀ ਜਾਇਦਾਦ ਜਾਂ ਵਿਅਕਤੀ ਨੂੰ ਹਿੰਸਕ ਧਮਕੀ ਨਹੀਂ ਦੇ ਸਕੇਗਾ। ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਆਪਣੀ ਮਰਜ਼ੀ ਦੇ ਕਿਸੇ ਵੀ ਜਿਮ `ਚ ਜਾ ਸਕੇਗਾ। ਐਤਵਾਰ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਗਰੌਸਰੀ ਸਟੋਰ `ਤੇ ਜਾ ਸਕੇਗਾ।
ਜਿ਼ਕਰਯੋਗ ਹੈ ਕਿ ਨਿਊਜ਼ੀਲੈਂਡ `ਚ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੇ ਜਾਣ ਪਿੱਛੋਂ ਇਸ ਮੁਲਜ਼ਮ ਨੇ ਸ਼ੋਸ਼ਲ ਮੀਡੀਆ ਰਾਹੀਂ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨ ਅਤੇ ਕਿਸਾਨੀ ਸੰਘਰਸ਼ ਨੂੰ ਢਾਅ ਲਾਉਣ ਦੀ ਕੋਸਿ਼ਸ਼ ਕਰਦਿਆਂ ਸਿੱਖ ਭਾਈਚਾਰੇ ਨਾਲ ਸਬੰਧਤ ਉਕਤ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਸੀ।