ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕੋਵਿਡ 19 ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਮੈਨੇਜਡ ਆਈਸੋਲੇਸ਼ਨ (ਐਮ ਆਈ ਕਿਊ) ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਦੇ ਪਰਿਵਾਰਿਕ ਮੈਂਬਰ ਨੂੰ ਕੋਰੋਨਾ ਪਾਜਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕਿਉਂਕਿ ਇਹ ਕੇਸ ਬਾਰਡਰ ਨਾਲ ਸਬੰਧਤ ਹੈ, ਇਸੇ ਲਈ ਕਮਿਊਨਿਟੀ ਵਿੱਚ ਕੋਰੋਨਾ ਦੇ ਸੰਕਰਮਨ ਦਾ ਜਿਆਦਾ ਖਤਰਾ ਨਹੀਂ ਹੈ।
ਕੋਰੋਨਾ ਪਾਜਟਿਵ ਨਿਕਲਿਆ ਮਰੀਜ ਆਕਲੈਂਡ ਦੇ ਗ੍ਰੈਂਡ ਮਿਲੇਨੀਅਮ ਹੋਟਲ ਦੇ ਵਿੱਚ ਕਲੀਨਰ ਵਜੋਂ ਕੰਮ ਕਰਦੇ ਕਰਮਚਾਰੀ ਦਾ ਪਰਿਵਾਰਿਕ ਮੈਂਬਰ ਹੈ, ਕਰਮਚਾਰੀ ਆਪ ਵੀ ਕੋਰੋਨਾ ਪਾਜਟਿਵ ਆ ਚੁੱਕਾ ਹੈ, ਉਸਨੂੰ ਰੂਟੀਨ ਚੈੱਕਅਪ ਦੌਰਾਨ ਕੋਰੋਨਾ ਪਾਜਟਿਵ ਪਾਇਆ ਗਿਆ ਸੀ।
ਕਰਮਚਾਰੀ ਦੇ 3 ਹੋਰ ਪਰਿਵਾਰਿਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਸੀ, ਪਰ ਉਨ੍ਹਾਂ ਦੇ ਟੈਸਟਾਂ ਦੇ ਨਤੀਜੇ ਨੈਗਟਿਵ ਆਏ ਹਨ। ਕਰਮਚਾਰੀ ਦੇ ਸਾਰੇ ਪਰਿਵਾਰਿਕ ਮੈਂਬਰ ਇਸ ਵੇਲੇ ਘਰ ਵਿੱਚ ਆਈਸੋਲੇਟ ਕਰ ਰਹੇ ਹਨ।
ਇਸ ਨਵੇਂ ਕੇਸ ਸਬੰਧੀ ਇੱਕ ਲੋਕੇਸ਼ਨ ਆਫ ਇਨਟਰਸਟ ਦੀ ਜਾਣਕਾਰੀ ਵੀ ਜਾਰੀ ਹੋਈ ਹੈ, ਉਕਤ ਮਰੀਜ ਸ਼ਨੀਵਾਰ 20 ਮਾਰਚ ਨੂੰ ਮਾਉਂਟ ਰੋਸਕਿਲ ਦੀ ਕਾਉਂਟਡਾਊਨ ਸੁਪਰਮਾਰਕੀਟ ਵਿੱਚ ਘੁੰਮਣ ਗਿਆ ਸੀ ਤੇ ਇਸ ਸਬੰਧੀ ਕਾਂਟੇਕਟ ਟਰੇਸਿੰਗ ਕੀਤੀ ਜਾ ਰਹੀ ਹੈ। ਇਹ ਮਰੀਜ ਕਿਸੇ ਵੇਲੇ ਸੁਪਰਮਾਰਕੀਟ ਗਿਆ ਸੀ, ਉਸ ਸਬੰਧੀ ਜਾਣਕਾਰੀ ਜਾਰੀ ਕਰਨੀ ਅਜੇ ਬਾਕੀ ਹੈ।