ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੇ ਟੀਅਟਾਟੂ ਪੈਨੀਸੁਲ਼ਾ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਹਾਦਸਾ ਟੱਲ ਗਿਆ, ਜਦੋਂ ਸਕੂਲ ਜਾਂਦੇ ਬੱਚਿਆਂ ਦੀ ਵੈਨ ਇੱਕ ਟਰੱਕ ਨਾਲ ਜਾ ਟਕਰਾਈ, ਟਰੱਕ ਰੋਡ 'ਤੇ ਪਾਰਕ ਕੀਤਾ ਹੋਇਆ ਸੀ ਤੇ ਇਸ ਹਾਦਸੇ ਵਿੱਚ 7 ਤੋਂ 13 ਸਾਲਾਂ ਦੇ 8 ਬੱਚੇ ਜਖਮੀ ਹੋਏ ਦੱਸੇ ਜਾ ਰਹੇ ਹਨ। 2 ਬੱਚੇ ਗੰਭੀਰ ਜਖਮੀ ਹਨ, ਜਿਨ੍ਹਾਂ ਨੂੰ ਸਟਾਰਸ਼ਿਪ ਹਸਪਤਾਲ ਭਰਤੀ ਕਰਵਾਇਆ ਗਿਆ, 2 ਨੂੰ ਆਕਲੈਂਡ ਹਸਪਤਾਲ ਤੇ ਵਾਇਟਾਕਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਬਾਕੀਆਂ ਨੂੰ ਮੌਕੇ 'ਤੇ ਹੀ ਮੁੱਢਲਾ ਇਲਾਜ ਮੁੱਹਈਆ ਕਰਵਾਇਆ ਗਿਆ।
ਇਹ ਸਾਰੇ ਬੱਚੇ ਇੱਕੋ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ ਤੇ ਵੈਨ ਚਲਾਉਣ ਵਾਲਾ ਡਰਾਈਵਰ ਵੀ ਪਰਿਵਾਰ ਚੋਂ ਹੀ ਇੱਕ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸਾ ਘਰ ਤੋਂ ਸਿਰਫ 100 ਮੀਟਰ ਦੀ ਦੂਰੀ 'ਤੇ ਹੀ ਵਾਪਰਿਆ ਦੱਸਿਆ ਜਾ ਰਿਹਾ ਹੈ।