ਆਕਲੈਂਡ (ਹਰਪ੍ਰੀਤ ਸਿੰਘ) - ਮਈ ਵਿੱਚ ਕੁੱਕ ਆਈਲੈਂਡ ਲਈ ਟਰੈਵਲ ਬਬਲ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇਸ ਲਈ ਦੋਨਾਂ ਦੇਸ਼ਾਂ ਦੇ ਨੇਤਾਵਾਂ ਦੀ ਮੀਟਿੰਗ ਅੱਜ ਆਕਲੈਂਡ ਵਿੱਚ ਹੋਈ ਹੈ। ਮਿਲਣੀ ਵਿੱਚ ਨਿਊਜੀਲੈਂਡ ਸਰਕਾਰ ਵਲੋਂ ਜਿੱਥੇ ਕੁੱਕ ਆਈਲੈਂਡ ਵਿੱਚ ਵੈਕਸੀਨੇਸ਼ਨ ਪ੍ਰੋਗਰਾਮ ਚਲਾਏ ਜਾਣ ਦੀ ਗੱਲ ਆਖੀ ਗਈ, ਉੱਥੇ ਹੀ ਕੁੱਕ ਆਈਲੈਂਡ ਲਈ $੨੦ ਮਿਲੀਅਨ ਦੀ ਮੱਦਦ ਵੀ ਜਾਰੀ ਕੀਤੇ ਜਾਣ ਦੀ ਗੱਲ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੀਤੀ ਗਈ।
ਦੱਸਦੀਏ ਕਿ ਕੁੱਕ ਆਈਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਬਰਾਉਨ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਜੀਲੈਂਡ ਆਉਣ ਵਾਲੇ ਪਹਿਲੀ ਅੰਤਰ-ਰਾਸ਼ਟਰੀ ਸ਼ਖਸ਼ੀਅਤ ਹਨ।
ਦੋਨਾਂ ਨੇਤਾਵਾਂ ਨੇ ਇਸ ਮੌਕੇ ਖੁੱਲ ਕੇ ਕੁਆਰਂਟੀਨ ਮੁਕਤ ਟਰੈਵਲ 'ਤੇ ਗੱਲਬਾਤ ਕੀਤੀ। ਯਾਤਰਾ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਵੈਕਸੀਨੇਸ਼ਨ ਦਾ ਕੰਮ ਸਿਰੇ ਚੜਾਇਆ ਜਾਏਗਾ।
ਪ੍ਰਧਾਨ ਮੰਤਰੀ ਮਾਰਕ ਬਰਾਉਨ ਨੇ ਇਸ ਮੌਕੇ ਇਹ ਜਾਣਕਾਰੀ ਵੀ ਦਿੱਤੀ ਕਿ ਕੁੱਕ ਆਈਲੈਂਡ ਨੇ ਕੋਵਿਡ ਟਰੈਸਿੰਗ ਐਪ ਅਪਡੇਟ ਕਰ ਲਈ ਹੈ, ਜੋ ਕਿ ਨਿਊਜੀਲੈਂਡ ਦੀ ਐਪ ਨਾਲ ਡਾਟਾ ਸਾਂਝਾ ਕਰੇਗੀ ਤੇ ਇਹ ਕੁਆਰਂਟੀਨ ਟਰੈਵਲ ਲਈ ਚੁਕਿਆ ਗਿਆ ਅਹਿਮ ਕਦਮ ਹੈ।
ਦੱਸਦੀਏ ਕਿ ਕੁੱਕ ਆਈਲੈਂਡ ਤੋਂ ਜਨਵਰੀ ਤੋਂ ਹੀ ਨਿਊਜੀਲੈਂਡ ਵਿੱਚ ਇੱਕ ਤਰਫਾ ਕੁਆਰਂਟੀਨ ਮੁਕਤ ਉਡਾਣਾ ਆ ਰਹੀਆਂ ਹਨ।