ਆਕਲੈਂਡ (ਹਰਪ੍ਰੀਤ ਸਿੰਘ) - 2001 ਵਿੱਚ ਨਿਊਜੀਲ਼ੈਂਡ ਪੁੱਜੀ ਤੇ 2 ਬੱਚਿਆਂ ਦੀ ਮਾਂ 'ਯੂਨੀ ਪਟੇਲ' ਦਾ ਦਫਤਰ ਕੋਈ ਆਮ ਕੈਬਿਨ-ਚੇਅਰ ਵਾਲਾ ਸਧਾਰਨ ਦਫਤਰ ਨਹੀਂ ਹੈ, ਬਲਕਿ ਯੂਨੀ ਪਟੇਲ ਦਾ ਦਫਤਰ ਤਾਂ ਹੈ 360 ਹਾਰਸਪਾਵਰ, 18 ਚੱਕਿਆਂ ਵਾਲਾ ਤੇ 46 ਟਨ ਭਾਰੀ ਮੇਨਫਰੇਟ ਟਰੱਕ।
ਇਸ ਮੇਲ ਡੋਮੀਨੇਟੀਂਗ ਇੰਡਸਟਰੀ ਵਿੱਚ ਯੂਨੀ ਪਟੇਲ ਬਹੁਤ ਹੀ ਮਾਣ ਨਾਲ ਕੰਮ ਕਰ ਰਹੀ ਹੈ ਤੇ ਉਸਦਾ ਕਹਿਣਾ ਹੈ ਕਿ ਰੋਜਾਨਾ ਹੀ ਕੋਈ ਨਾ ਕੋਈ ਉਸਨੂੰ ਅਜਿਹਾ ਮਿਲਦਾ ਹੈ, ਜੋ ਉਸਨੂੰ ਏਨਾਂ ਵੱਡਾ ਟਰੱਕ ਚਲਾਉਂਦਿਆਂ ਦੇਖ ਹੈਰਾਨ ਹੁੰਦਾ ਹੈ ਤੇ ਖੁਸ਼ੀ ਪ੍ਰਗਟਾਉਂਦਾ ਹੈ। ਯੂਨੀ ਪਟੇਲ ਕੋਲ ਕਲਾਸ 5 ਦਾ ਡਰਾਈਵਿੰਗ ਲਾਇਸੈਂਸ ਹੈ ਤੇ ਉਹ ਨਿਊਜੀਲੈਂਡ ਦੀਆਂ ਉਨ੍ਹਾਂ 3% ਮਹਿਲਾਵਾਂ ਵਿੱਚ ਸ਼ੁਮਾਰ ਹੈ, ਜੋ ਇਸ ਕਿੱਤੇ ਨਾਲ ਸਬੰਧਤ ਹਨ।
ਯੂਨੀ ਦਾ ਮੰਨਣਾ ਹੈ ਕਿ ਇਹ ਨੌਕਰੀ ਸੱਚਮੁੱਚ ਹੀ ਬੜੀ ਕਠੋਰ ਹੈ ਤੇ ਬੇਧਿਆਨੀ ਦੀ ਤਾਂ ਇਸ ਵਿੱਚ ਬਿਲਕੁਲ ਵੀ ਥਾਂ ਨਹੀਂ ਹੈ, ਜਦੋਂ ਲੇਨ ਬਦਲਣੀ ਹੁੰਦੀ ਹੈ ਜਾਂ ਗੱਡੀ ਰੀਵਰਸ ਕਰਨੀ ਹੁੰਦੀ ਹੈ ਤਾਂ ਉਸ ਵੇਲੇ ਵੱਡਿਆਂ-ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਹਨ, ਪਰ ਯੂਨੀ ਦਾ ਕਹਿਣਾ ਹੈ ਕਿ ਫਿਰ ਵੀ ਉਹ ਇਸ ਕੰਮ ਦਾ ਪੂਰਾ ਆਨੰਦ ਮਾਣਦੀ ਹੈ।