ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਸਨੇਪਚੇਟ 'ਤੇ ਇੱਕ ਸ਼ੇਅ ਹੇਸਟਨ ਨਾਮ ਦੇ ਵਿਅਕਤੀ ਵਲੋਂ ਇੱਕ ਸਟੋਰੀ ਪਾਈ ਗਈ ਸੀ, ਜਿਸ ਵਿੱਚ ਕਸਟਮਰ ਸਲਿੱਪ 'ਤੇ ਕਸਟਮਰ ਦੇ ਨਾਮ ਵਾਲੀ ਥਾਂ ਲਿਖਿਆ ਹੋਇਆ ਸੀ 'ਟੂ ਵੇਰੀ ਅਨੋਇਂਗ ਏਸ਼ੀਅਨਜ਼' ਤੇ ਹੇਸਟਨ ਵਲੋਂ ਨਾਲ ਲਿਖਿਆ ਗਿਆ ਸੀ, ਓ ਮਾਈ ਗਾਡ, ਆਈ ਲਵ ਮਾਈ ਸਟਾਫ ਤੇ ਨਾਲ ਹਾਸਿਆਂ ਵਾਲੇ ਇਮੋਜੀਜ਼ ਪਾਏ ਹੋਏ ਸਨ। ਹੇਸਟਨ ਬਿ੍ਰਸਬੇਨ ਦੇ ਕਈ ਰੈਸਟੋਰੈਂਟਾਂ ਵਿੱਚ ਹਿੱਸੇਦਾਰੀ ਰੱਖਦਾ ਹੈ।
ਪਰ ਇਸ ਸਟੋਰੀ ਨੂੰ ਦੇਖਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਇਤਰਾਜ ਦੇਖਣ ਨੂੰ ਮਿਲਿਆ, ਖਾਸਕਰ ਏਸ਼ੀਅਨ ਭਾਈਚਾਰੇ ਵਿੱਚ, ਜਿਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਸਲਵਾਦ ਨੂੰ ਵਧਾਵਾ ਦੇਣ ਵਾਲੀ ਘਟਨਾ ਦੱਸਿਆ।
ਦੱਸਦੀਏ ਕਿ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਦੌਰਾਨ ਆਸਟ੍ਰੇਲੀਆ ਵਿੱਚ 10 ਚੋਂ 8 ਵੱਸਦੇ ਏਸ਼ੀਅਨ ਮੰਨਦੇ ਹਨ ਕਿ ਉਨ੍ਹਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਹੈ ਤੇ ਅਮਰੀਕਾ ਵਿੱਚ ਤਾਂ ਹਾਲਾਤ ਹੋਰ ਵੀ ਬੁਰੇ ਹਨ ਤੇ ਉੱਥੇ ਤਾਂ ਹਿੰਸਕ ਘਟਨਾਵਾਂ ਵਾਪਰਨ ਦੀਆਂ ਖਬਰਾਂ ਵੀ ਹਨ।
ਪਰ ਖੈਰ ਹੇਸਟਨ ਨੇ ਤੁਰੰਤ ਆਪਣੀ ਗਲਤੀ ਮੰਨਦਿਆਂ ਇਸ 'ਤੇ ਮੁਆਫੀ ਮੰਗੀ ਹੈ ਤੇ ਉਸਨੇ ਕਿਹਾ ਹੈ ਕਿ ਉਹ ਵੱਖੋ-ਵੱਖ ਭਾਈਚਾਰਿਆਂ ਦੀਆਂ ਕਦਰਾਂ-ਕੀਮਤਾਂ ਦਾ ਦਿਲੋਂ ਸਨਮਾਨ ਕਰਦਾ ਹੈ।