ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਨਿਊਜੀਲੈਂਡ ਵਿਚਾਲੇ 2 ਤਰਫਾ ਕੁਆਰਂਟੀਨ ਯਾਤਰਾ ਲਈ ਸਾਰੀਆਂ ਸ਼ਰਤਾਂ 'ਤੇ ਸਹਿਮਤੀ ਹੋ ਚੁੱਕੀ ਹੈ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕਰ ਦਿੱਤਾ ਹੈ ਕਿ ਆਉਂਦੀ 18 ਅਪ੍ਰੈਲ ਤੋਂ ਟ੍ਰਾਂਸ ਤਾਸਮਨ ਟਰੈਵਲ ਬਬਲ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ।
ਇਹ ਫੈਸਲਾ ਕੈਬਿਨੇਟ ਦੀ ਮਨਜੂਰੀ ਤੋਂ ਬਾਅਦ ਲਿਆ ਗਿਆ ਹੈ। 18 ਅਪ੍ਰੈਲ ਰਾਤ 11.59 ਤੋਂ ਇਸ ਬਬਲ ਦੀ ਸ਼ੁਰੂਆਤ ਹੋਏਗੀ।
ਇਸ ਗੱਲ ਦਾ ਐਲਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਡਾਇਰੇਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਦੀ ਮੌਜੂਦਗੀ ਵਿੱਚ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕੁਈਨਜ਼ਲੈਂਡ ਵਿੱਚ ਬੀਤੇ ਹਫਤੇ ਲੱਗਿਆ ਲੌਕਡਾਊਨ ਇਸ ਫੈਸਲੇ ਲਈ ਚਿੰਤਾ ਦਾ ਵਿਸ਼ਾ ਜਰੂਰ ਰਿਹਾ, ਪਰ ਵਧੇਰੇ ਸਾਵਧਾਨੀਆਂ ਵਰਤ ਕੇ ਇਸ ਚਿੰਤਾ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਆਸਟ੍ਰੇਲੀਆ ਨਾਲ ਟਰੈਵਲ ਬਬਲ ਦੀ ਸ਼ੁਰੂਆਤ ਸਟੇਟ-ਬਾਏ-ਸਟੇਟ ਦੇ ਆਧਾਰ 'ਤੇ ਅਮਲ ਵਿੱਚ ਲਿਆਉਂਦੀ ਜਾਏਗੀ, ਭਾਵ ਕਿ ਜੇ ਕਿਸੇ ਸਟੇਟ ਵਿੱਚ ਕੋਰੋਨਾ ਫੈਲਦਾ ਹੈ ਤਾਂ ਇਸਦਾ ਅਸਰ ਦੂਜੀਆਂ ਸਟੇਟਾਂ 'ਤੇ ਨਹੀਂ ਪਏਗਾ। ਇਸ ਫੈਸਲੇ ਵਿੱਚ ਕੋਰੋਨਾ ਕਰਕੇ ਯਾਤਰਾ ਵਿੱਚ ਪੈਣ ਵਾਲੇ ਵਿਗਣ ਨੂੰ ਵੀ ਇੰਸ਼ੋਰੈਂਸ ਕੰਪਨੀਆਂ ਵਲੋਂ ਪੂਰਾ ਕਵਰ ਨਹੀਂ ਕੀਤਾ ਜਾਏਗਾ।
ਇਹ ਟਰੈਵਲ ਬਬਲ ਇੱਕ ਜੋਖਿਮ ਭਰੇ ਮਾਹੌਲ ਦੀ ਬੁਨਿਆਦ 'ਤੇ ਸ਼ੁਰੂ ਹੋਣ ਜਾ ਰਿਹਾ ਹੈ ਤੇ ਜੇ ਕਿਤੇ ਕੋਰੋਨਾ ਫੈਲਦਾ ਹੈ ਤਾਂ ਉਸ ਇਲਾਕੇ ਵਿੱਚ ਮੌਜੂਦ ਰਿਹਾਇਸ਼ੀਆਂ ਦੀ ਜਿੰਮੇਵਾਰੀ ਹੋਏਗੀ, ਆਪਣੇ ਆਪ ਨੂੰ ਕੁਆਰਂਟੀਨ ਕਰਨਾ।
ਟਰੈਵਲ ਬਬਲ ਲਈ ਟਰੈਫਿਕ ਲਾਈਟ ਸਿਸਟਮ ਅਮਲ ਵਿੱਚ ਰਹੇਗਾ, ਜਿਸ ਵਿੱਚ 3 ਸਟੇਟਾਂ ਹੋਣਗੀਆਂ ਕਂਟੀਨੀਊ, ਪੋਜ਼ ਤੇ ਸਸਪੈਂਡ
ਪੋਜ਼ ਤਹਿਤ ਕੋਰੋਨਾ ਕਰਕੇ 72 ਘੰਟਿਆਂ ਲਈ ਯਾਤਰਾ ਰੋਕੀ ਜਾਏਗੀ ਤੇ ਦੁਬਾਰਾ ਹਾਲਾਤਾਂ ਦੇ ਆਧਾਰ 'ਤੇ ਕਂਟੀਨੀਊ ਜਾਂ ਸਸਪੈਂਡ ਸਟੇਟ ਅਮਲ ਵਿੱਚ ਲਿਆਉਂਦੀ ਜਾਏਗੀ। ਸਸਪੈਂਡ ਸਟੇਟ ਵਧੇਰੇ ਲੰਬੇ ਸਮੇਂ ਲਈ ਲਾਗੂ ਹੋਏਗੀ।