Saturday, 08 May 2021
19 April 2021 New Zealand

ਹੈੱਲਥ ਕੇਅਰ ਵਰਕਰਾਂ ਨੂੰ ਸੁਖ ਦਾ ਸਾਹ

30 ਅਪ੍ਰੈਲ ਤੋਂ ਲਾਗੂ ਹੋਵੇਗਾ ਇਮੀਗਰੇਸ਼ਨ ਦਾ ਫ਼ੈਸਲਾ
ਹੈੱਲਥ ਕੇਅਰ ਵਰਕਰਾਂ ਨੂੰ ਸੁਖ ਦਾ ਸਾਹ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਹੈੱਲਥ ਕੇਅਰ ਵਰਕਰਾਂ ਨੂੰ ਅੱਜ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵੱਡੀ ਰਾਹਤ ਦਿੱਤੀ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ਾਂ `ਚ ਫਸੇ ਬੈਠੇ ਸਨ। ਉਹ 30 ਅਪ੍ਰੈਲ ਤੋਂ ਵੀਜ਼ਾ ਅਪਲਾਈ ਕਰ ਸਕਣਗੇ। ਹਾਈ ਸਕਿਲ ਵਾਲੇ ਕੁੱਝ ਹੋਰ ਵਰਕਰਾਂ ਨੂੰ ਨਵੇਂ ਨਿਯਮਾਂ ਦਾ ਲਾਭ ਮਿਲ ਸਕੇਗਾ।
ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਹੈ ਕਿ ਇੱਥੇ ਜਿਹੜੇ ਹੈੱਲਥ ਵਰਕਰਾਂ ਕੋਲ ਇਕ ਸਾਲ ਜਾਂ ਇਸ ਤੋਂ ਵੱਧ ਦਾ ਵੀਜ਼ਾ ਹੈ,ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਦੇਸ਼ਾਂ ਤੋਂ ਆਉਣ ਲਈ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਹਨ। ਜਿਨ੍ਹਾਂ `ਚ ਵਰਕਰਾਂ ਦੇ ਪਤੀ-ਪਤਨੀ ਅਤੇ ਉਨ੍ਹਾਂ `ਤੇ ਨਿਰਭਰ ਬੱਚੇ ਸ਼ਾਮਲ ਹਨ। ਜਿਨ੍ਹਾਂ ਕੋਲ ਇਕ ਸਾਲ ਦਾ ਵੀਜ਼ਾ ਹੈ ਜਾਂ ਪਹਿਲਾਂ ਇੱਥੇ ਰਹਿੰਦੇ ਰਹੇ ਹਨ, ਉਹ ਬਾਰਡਰ ਪਾਬੰਦੀ ਤੋਂ ਛੋਟ ਲਈ ਅਪਲਾਈ ਕਰ ਸਕਣਗੇ। ਜਿਨ੍ਹਾਂ ਨੇ ਅਜੇ ਪਹਿਲੀ ਵਾਰ ਆਉਣਾ ਹੈ, ਉਹ ਵੀਜ਼ੇ ਵਾਸਤੇ ਅਪਲਾਈ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਵੇਲੇ 6 ਹਜ਼ਾਰ ਕ੍ਰਿਟੀਕਲ ਹੈੱਲਥ ਵਰਕਰ ਨਿਊਜ਼ੀਲੈਂਡ `ਚ ਕੰਮ ਕਰ ਰਹੇ ਹਨ, ਜਿਨ੍ਹਾਂ ਚੋਂ 450 ਅਜਿਹੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਅਜੇ ਵੀ ਵਿਦੇਸ਼ਾਂ `ਚ ਹਨ ਜਿਨ੍ਹਾਂ ਦੇ ਬਾਰਡਰ ਬੰਦ ਹੋਣ ਤੋਂ ਪਹਿਲਾਂ ਵੀਜ਼ੇ ਲੱਗੇ ਹੋਏ ਸਨ।
ਉਨ੍ਹਾਂ ਇੱਕ ਸਵਾਲ ਦੇ ਜਵਾਬ `ਚ ਕਬੂਲ ਕਿ ਸਰਕਾਰ ਨੂੰ ਪਤਾ ਹੈ ਕਿ ਅਜੇ ਹੋਰ ਵੀ ਬਹੁਤ ਸਾਰੇ ਹਜ਼ਾਰਾਂ ਮਾਈਗਰੈਂਟ ਵਰਕਰਜ ਹਨ, ਜੋ ਇਸ ਕੈਟਾਗਿਰੀ `ਚ ਨਹੀਂ ਆਉਂਦੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇੱਕ-ਦੂਜੇ ਤੋਂ ਵਿੱਛੜੇ ਹੋਏ ਹਨ। ਜਿਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਸਰਕਾਰ ਸਰਕਾਰ ਨੂੰ ਪਤਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਫ਼ੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਇਕਨਾਮਿਕ, ਕਲਚਰਲ, ਸੋਸ਼ਲ ਅਤੇ ਹੈੱਲਥ ਫੈਕਟਰਾਂ ਨੂੰ ਧਿਆਨ `ਚ ਰੱਖਣਾ ਪੈਂਦਾ ਹੈ।
ਇਮੀਗਰੇਸ਼ਨ ਮਨਿਸਟਰ ਨੇ ਦੱਸਿਆ ਕਿ ਪਿਛਲੇ ਸਾਲ ਬਾਰਡਰ ਬੰਦ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ 13 ਹਜ਼ਾਰ ਸਿਟੀਜ਼ਨਜ ਅਤੇ ਪਰਮਾਨੈਂਟ ਰੈਜੀਡੈਂਟਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਟੈਂਪਰੇਰੀ ਵਰਕ ਵੀਜ਼ੇ ਵਾਲੇ 1300 ਵਰਕਰਾਂ ਅਤੇ ਕ੍ਰਿਟੀਕਲ ਵਰਕਰਜ ਦੇ 2500 ਪਰਿਵਾਰਕ ਮੈਂਬਰਾਂ ਨੂੰ ਨਿਊਜ਼ੀ਼ਲੈਂਡ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।

ADVERTISEMENT
NZ Punjabi News Matrimonials