ਆਕਲੈਂਡ (ਅਵਤਾਰ ਸਿੰਘ ਟਹਿਣਾ)
ਨਿਊਜ਼ੀਲੈਂਡ-ਆਸਟਰੇਲੀਆ `ਚ ਅੱਜ ਕੁਵੌਰਨਟੀਨ ਫ੍ਰੀ ਯਾਤਰਾ ਦੀ ਸ਼ੁਰੂਆਤ ਦੌਰਾਨ ਏਅਰਪੋਰਟਾਂ `ਤੇ ਲੋਕ ਭਾਵੁਕ ਹੋ ਕੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰ ਨੂੰ ਮਿਲਦੇ ਨਜ਼ਰ ਆਏ। ਜਿਹੜੇ ਕੋਵਿਡ-19 ਕਾਰਨ ਪਿਛਲੇ ਸਾਲ ਮਾਰਚ ਮਹੀਨੇ ਹੋਏ ਲੌਕਡਾਊਨ ਤੋਂ ਬਾਅਦ ਬੇਵੱਸ ਹੋਏ ਪਏ ਸਨ। ਦੋਹਾਂ ਦੇਸ਼ਾਂ `ਚ ਆਮ ਵਾਂਗ ਯਾਤਰਾ ਸ਼ੁਰੂ ਹੋਣ ਪਿੱਛੋਂ ਅਗਲੇ ਦਿਨੀਂ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਵੀ ਆਹਮੋ-ਸਾਹਮਣੇ ਬੈਠ ਕਰਨਗੇ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਦਿਨ ਨੂੰ ‘ਮਹੱਤਵਪੂਰਨ ਮੀਲ ਪੱਥਰ’ ਦੱਸਿਆ ਹੈ, ਜਿਸਨੇ ਅਗਲੇ ਦਿਨੀਂਂ ਦੁਨੀਆਂ ਭਰ ਦੇ ਹੋਰਨਾਂ ਮੁਲਕਾਂ ਲਈ ਵੀ ਮਿਸਾਲ ਬਣਨਾ ਹੈ, ਕਿਉਂਕਿ ਕੋਵਿਡ ਦੌਰ ਦੇ ਪਿਛਲੇ 13 ਮਹੀਨਿਆਂ ਬਾਅਦ ਪਹਿਲੀ ਵਾਰ ਦੋਹਾਂ ਦੇਸ਼ਾਂ `ਚ ਕੁਵੌਰਨਟੀਨ ਹਵਾਈ ਯਾਤਰਾ ਸ਼ੁਰੂ ਹੋਈ ਹੈ। ਜੈਸਿੰਡਾ ਨੇ ਨਿਊਜ਼ੀਲੈਂਡ ਆਉਣ ਵਾਲੇ ਸਾਰੇ ਯਾਤਰੀਆਂ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਹੈ ਕਿ ਨਵੇਂ ਫ਼ੈਸਲੇ ਨਾਲ ਦੇਸ਼ ਦੀ ਇਕਾਨਮੀ ਨੂੰ ਇੱਕ ਬਿਲੀਅਨ ਡਾਲਰ ਦੀ ਹੁਲਾਰਾ ਮਿਲੇਗਾ।
ਆਕਲੈਂਡ ਇੰਟਰਨੈਸ਼ਨਲ ਏਅਰਪੋਟ ਦੇ ਚੀਫ਼ ਐਗਜ਼ੈਕਟਿਵ ਐਡਰੀਅਨ ਲਿਟਲਵੁੱਡ ਅਨੁਸਾਰ ਅਗਲੇ ਦਿਨੀਂ ਏਅਰਪੋਰਟ `ਤੇ ਹੋਰ ਵੀ ਚਹਿਲ-ਪਹਿਲ ਵਧਣ ਦੀ ਉਮੀਦ ਹੈ ਅਤੇ ਉਨ੍ਹਾਂ ਏਅਰਪੋਰਟ `ਤੇ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਬਾਰੇ ਸੁਚੇਤ ਰਹਿਣ ਏਅਰਪੋਰਟ ਵਾਲੀਆਂ ਸੜਕਾਂ `ਤੇ ਟਰੈਫਿਕ ਵਧਣ ਦੀ ਸੰਭਾਵਨਾ ਹੈ।
ਐੱਨਜ਼ੈੱਡ ਪੰਜਾਬੀ ਨਿਊਜ਼ ਦੀ ਟੀਮ ਵੱਲੋਂ ਜਦੋਂ ਅੱਜ ਆਕਲੈਂਡ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਦੌਰਾ ਕੀਤਾ ਗਿਆ ਤਾਂ ਪਹਿਲੀ ਵਾਰ ਯਾਤਰੀਆਂ ਦੀ ਰੌਣਕ ਨਜ਼ਰ ਆਈ। ਕਈ ਼ਲੋਕ ਆਪੋ-ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਅੱਖਾਂ ਪੂੰਝ ਰਹੇ ਸਨ ਅਤੇ ਕਈ ਵਾਰ-ਵਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਖੁਸ਼ੀਆਂ ਮਨਾ ਰਹੇ ਸਨ। ਏਅਰਪੋਰਟ `ਤੇ ਆਉਣ ਵਾਲੇ ਯਾਤਰੀਆਂ ਲਈ ਦੋ ਵੱਖੋ-ਵੱਖ ਜ਼ੋਨ ਬਣਾਏ ਗਏ ਹਨ, ਜਿਨ੍ਹਾਂ `ਚ ਜ਼ੋਨ ਏ `ਚ ਕੁਵੌਰਟਨਟੀਨ ਫ਼੍ਰੀ ਯਾਤਰੀ ਅਤੇ ਦੂਜੇ ਜ਼ੋਨ ਬੀ `ਚ ਕੁਵੌਰਨਟੀਨ ਵਾਲੇ ਯਾਤਰੀਆਂ ਦੇ ਦਸਤਾਵੇਜ਼ ਚੈੱਕ ਕੀਤੇ ਜਾਂਦੇ ਹਨ।
ਏਅਰਪੋਰਟ ਦੀ ਸੂਚਨਾ ਅਨੁਸਾਰ ਸਿਡਨੀ ਤੋਂ ਆਕਲੈਂਡ `ਚ ਪਹਿਲੀ ਫਲਾਈਟ ਕੁੱਝ ਦੇਰੀ ਨਾਲ ਸਾਢੇ 12 ਵਜੇ ਪੁੱਜੀ, ਜਦੋਂ ਕਿ ਦੂਜੀ ਮੈਲਬਰਨ ਤੋਂ ਕਰੀਬ ਡੇਢ ਵਜੇ ਪਹੁੰਚੀ। ਇਸੇ ਤਰ੍ਹਾਂ ਰਾਜਧਾਨੀ ਵਲੰਿਗਟਨ ਅਤੇ ਕੁਈਨਜ਼ਟਾਊਨ ਵੀ ਆਸਟਰੇਲੀਆ ਤੋਂ ਫਲਾਈਟਾਂ ਪੁੱਜੀਆਂ। ਅੱਜ ਆਕਲੈਂਡ `ਚ ਪਹਿਲੇ ਦਿਨ 16 ਫਲਾਈਟਾਂ ਪੁੱਜਣੀਆਂ ਹਨ ਅਤੇ ਅਗਲੇ ਹਫ਼ਤੇ ਦੌਰਾਨ ਨਿਊਜ਼ੀਲੈਂਡ `ਚ ਕਰੀਬ 400 ਫਲਾਈਆਂ ਆਸਟਰੇਲੀਆਂ ਤੋਂ ਆਉਣਗੀਆਂ। ਹਾਲਾਂਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਸਿਰਫ਼ 35 ਫਲਾਈਟਾਂ ਆਈਆਂ ਸਨ। ੲ
ਅਜਿਹੇ ਆਲਮ `ਚ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਾਹੀਆ ਮਾਹੁਟਾ ਨੇ ਐਲਾਨ ਕਰ ਦਿੱਤਾ ਹੈ ਕਿ ਆਸਟਰੇਲੀਆ ਦੀ ਵਿਦੇਸ਼ ਮੰਤਰੀ ਮੈਰਿਸ ਪੈਨੇ ਵੀ 21 ਤੋਂ 24 ਅਪ੍ਰੈਲ ਤੱਕ ਨਿਊਜ਼ੀਲੈਂਡ ਦਾ ਦੌਰਾ ਕਰਨਗੇ। ਆਸਟਰੇਲੀਆ ਨੂੰ ਸਭ ਤੋਂ ਨੇੜਲਾ ਅਤੇ ਮਹੱਤਵਪੂਰਨ ਪਾਰਟਨਰ ਦਸਦਿਆਂ ਮਾਹੁਟਾ ਨੇ ਕਿਹਾ ਕਿ ਆਸਟਰੇਲੀਅਨ ਵਿਦੇਸ਼ ਮੰਤਰੀ ਦਾ ਦੌਰਾ ਇਸ ਗੱਲ ਦਾ ਸਬੂਤ ਹੈ ਕਿ ਦੋਹਾਂ ਦੇਸ਼ਾਂ ਨੇ ਕੋਵਿਡ-19 ਨੂੰ ਕਾਬੂ ਕਰ ਲਿਆ ਹੈ।
ਸਰਕਾਰ ਨੇ ਆਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਦੇ ਆਲੇ ਦੁਆਲੇ ਆਈਲੈਂਡ ਦੇਸ਼ਾਂ ਨਾਲ ਵੀ ਛੇਤੀ ਕੁਵੌਰਨਟੀਨ ਯਾਤਰਾ ਸ਼ੁਰੂ ਹੋਣ ਦੇ ਸੰਕੇਤ ਦਿੱਤੇ ਹਨ।