ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਲਗਾਤਾਰ ਬੈਟਰੀ ਨਾਲ ਚੱਲਣ ਵਾਲੀਆਂ ਈ ਵੀ ਗੱਡੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਇਸੇ ਕਰਕੇ ਪੈਟਰੋਲ ਪੰਪਾਂ ਦੀ ਥਾਂ ਚਾਰਜਿੰਗ ਸੈਂਟਰਾਂ ਦੀ ਮੰਗ ਵੀ ਵੱਧਦੀ ਜਾ ਰਹੀ ਹੈ। ਇਸੇ ਕ੍ਰਮ ਨੂੰ ਅੱਗੇ ਵਧਾਉਂਦਿਆਂ ਓਡੀ ਨੇ ਈਬੀਬੀ ਨਾਲ ਸਾਂਝ ਪਾਈ ਹੈ ਤੇ ਆਕਲੈਂਡ ਦੇ ਗ੍ਰੇਟ ਨਾਰਥ ਰੋਡ ਤੇ 175 ਕਿਲੋਵਾਟ ਸਮਰਥਾ ਵਾਲਾ ਚਾਰਜਿੰਗ ਸੈਂਟਰ ਸ਼ੁਰੂ ਕੀਤਾ ਹੈ, ਇਹ ਹੁਣ ਓਡੀ ਦਾ ਨਿਊਜੀਲ਼ੈਂਡ ਦਾ ਤੀਜਾ ਹਾਈ-ਪਾਵਰ ਚਾਰਜਿੰਗ ਸੈਂਟਰ ਹੈ ਤੇ ਇਸ ਤੋਂ ਇਲਾਵਾ ਓਡੀ ਦੇ ਨਿਊਜੀਲੈਂਡ ਵਿੱਚ 10, 50 ਕਿਲੋਵਾਟ ਸਮਰਥਾ ਵਾਲੇ ਚਾਰਜਿੰਗ ਸੈਂਟਰ ਵੀ ਹਨ।
ਤੇਜੀ ਨਾਲ ਗੱਡੀਆਂ ਚਾਰਜ ਕਰਨ ਦੀ ਸਮਰਥਾ ਰੱਖਣ ਵਾਲੇ ਇਸ ਸੈਂਟਰ 'ਤੇ ਹਰ ਕੋਈ ਆਪਣੀ ਈ ਵੀ ਗੱਡੀ ਚਾਰਜ ਕਰਨ ਲਈ ਲੈ ਜਾ ਸਕਦਾ ਹੈ। ਓਡੀ ਨਿਊਜੀਲੈਂਡ ਦੇ ਜਨਰਲ ਮੈਨੇਜਰ ਡੀਨ ਸ਼ੀਡ ਅਨੁਸਾਰ ਭਵਿੱਖ ਵਿੱਚ ਅਜਿਹੇ ਸੈਂਟਰਾਂ ਵਿੱਚ ਹੋਰ ਵਾਧਾ ਕੀਤਾ ਜਾਏਗਾ।