ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਸਟ੍ਰੇਲੀਆ ਵਿੱਚ ਕੋਰੋਨਾ ਦੇ ਤਾਜਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉੱਥੋਂ ਦੇ ਪ੍ਰੀਮੀਅਰ ਮਾਰਕ ਮੇਗੋਵਨ ਨੇ ਅੱਜ ਰਾਤ ਤੋਂ 3 ਦਿਨਾਂ ਲਈ ਲੌਕਡਾਊਨ ਲਾਏ ਜਾਣ ਦੀ ਗੱਲ ਕਹੀ ਹੈ।
ਪ੍ਰੀਮੀਅਰ ਅਨੁਸਾਰ ਇਹ ਇੱਕ ਗੰਭੀਰ ਸੱਮਸਿਆ ਸੀ, ਕਿਉਂਕਿ ਇੱਕ ਮਾਂ ਅਤੇ ਉਸਦੀ 4 ਸਾਲਾ ਧੀ ਨੂੰ ਕੁਆਰਂਟੀਨ ਦੇ 14 ਦਿਨ ਪੂਰੇ ਕੀਤੇ ਜਾਣ ਤੋਂ ਬਾਅਦ ਕੋਰੋਨਾ ਦੀ ਪੁਸ਼ਟੀ ਹੋਈ ਹੈ ਤੇ ਇਹ ਕੋਰੋਨਾ ਵਾਇਰਸ ਉਨ੍ਹਾਂ ਤੱਕ ਹੋਟਲ ਵਿੱਚ ਉਨ੍ਹਾਂ ਦੇ ਕਮਰੇ ਸਾਹਮਣੇ ਰਹਿ ਰਹੇ ਭਾਰਤੀ ਜੋੜੇ ਤੋਂ ਰਾਂਹੀ ਪੁੱਜਾ।
ਦੱਸਦੀਏ ਕਿ ਪੱਛਮੀ ਆਸਟ੍ਰੇਲੀਆ ਵਿੱਚ 56 ਦਿਨਾਂ ਤੋਂ ਬਾਅਦ ਨਵੇਂ ਕੇਸਾਂ ਦੀ ਸ਼ਨਾਖਤ ਹੋਈ ਹੈ।
ਹੁਣ ਇੱਥੇ ਇਹ ਵੀ ਦੱਸਦੀਏ ਕਿ ਅਜਿਹੇ ਹਲਾਤਾਂ ਵਿੱਚ ਨਿਊਜੀਲ਼ੈਂਡ ਸਰਕਾਰ ਨੇ ਉਡਾਣਾ ਸਬੰਧੀ ਰੈਡ, ਗਰੀਨ ਤੇ ਓਰੇਂਜ ਲਾਈਟ ਸਿਸਟਮ ਮੰਨਿਆ ਹੋਇਆ ਹੈ, ਭਾਵ ਜੇ ਬਾਰਡਰ 'ਤੇ ਕੋਈ ਕੇਸ ਮਿਲਦਾ ਹੈ ਤਾਂ ਕੁਅਰਂਟੀਨ ਮੁਕਤ ਯਾਤਰਾ ਨਿਊਜੀਲੈਂਡ ਵਾਪਸੀ 'ਤੇ ਸੰਭਵ ਹੋਏਗੀ। ਪਰ ਜੇ ਕੋਰੋਨਾ ਕੇਸ ਕਮਿਊਨਿਟੀ ਵਿੱਚ ਹੈ ਤੇ ਆਸਟ੍ਰੇਲੀਆ ਵਿੱਚ ਆਰਜੀ ਲੌਕਡਾਊਨ ਲੱਗਦਾ ਹੈ ਤਾਂ ਉਡਾਣਾ 72 ਘੰਟਿਆਂ ਲਈ ਰੋਕੀਆਂ ਜਾਣਗੀਆਂ ਤੇ ਜਿਆਦਾ ਕੇਸ ਸਾਹਮਣੇ ਆਉਣ 'ਤੇ ਉਡਾਣਾ ਲੰਬੇ ਸਮੇਂ ਤੱਕ ਬੰਦ ਕਰ ਦਿੱਤੀਆਂ ਜਾਣਗੀਆਂ।
ਪਰ ਜੇ ਹੁਣ ਅੱਜ ਦੇ ਲੌਕਡਾਊਨ ਦੀ ਗੱਲ ਕਰੀਏ ਤਾਂ ਅਜੇ ਤੱਕ ਉਡਾਣਾ ਰੋਕੇ ਜਾਣ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਕਿਉਂਕਿ ਪਰਥ ਏਅਰਪੋਰਟ ਅਨੁਸਾਰ ਅੱਜ ਰਾਤ ਪਰਥ ਤੋਂ ਆਕਲੈਂਡ ਇੱਕ ਉਡਾਣ ਆਉਣੀ ਹੈ ਤੇ ਇੱਥੋਂ ਪਰਥ ਨੂੰ ਇੱਕ ਉਡਾਣ ਕੱਲ ਸਵੇਰੇ ਜਾਣੀ ਹੈ।