ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਕੋਰੋਨਾ ਦੀ ਦੂਜੀ ਭਿਆਨਕ ਮਾਰ ਨਾਲ ਜੂਝ ਰਹੇ ਭਾਰਤ ਦੀ ਸਹਾਇਤਾ ਲਈ ਦੁਨੀਆਂ ਦੇ ਦੂਜੇ ਮੁਲਕਾਂ ਤੋਂ ਬਾਅਦ ਨਿਊਜ਼ੀਲੈਂਡ ਨੇ ਮੱਦਦ ਦਾ ਭਰੋਸਾ ਦਿਵਾਇਆ ਹੈ। ਇਸ ਮਕਸਦ ਲਈ ਇੱਕ ਮਿਲੀਅਨ ਡਾਲਰ ਰੈੱਸ ਕਰਾਸ ਨੂੰ ਸਹਾਇਤਾ ਵਜੋਂ ਦਿੱਤੇ ਜਾਣਗੇ।
ਨਿਊਜ਼ੀਲੈਂਂਡ ਦੀ ਵਿਦੇਸ਼ ਮੰਤਰੀ ਨਾਨਾਈਆ ਮਾਹੁਟਾ ਨੇ ਅੱਜ ਐਲਾਨ ਕਰਦਿਆਂ ਦੱਸਿਆ ਕਿ ਨਿਊਜ਼ੀਲੈਂਡ ਸਰਕਾਰ ਆਕਸੀਜ਼ਨ ਅਤੇ ਹੋਰ ਮੈਡੀਕਲ ਸਮਾਨ ਮੁਹੱਈਆ ਕਰਾਉਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ਦੀ ਸੰਸਥਾ ਨੂੰ ਇੱਕ ਮਿਲੀਅਨ ਡਾਲਰ ਭਾਰਤ ਦੀ ਸਹਾਇਤਾ ਲਈ ਦਿੱਤੇ ਜਾਣੇ ਵਾਜਬ ਹਨ ਕਿਉਂਕਿ ਰੈੱਡ ਕਰਾਸ ਇੱਕ ਭਰੋਸੇਮੰਦ ਸੰਸਥਾ ਹੈ, ਜਿਸਦਾ ਵਿਸ਼ਵ ਪੱਧਰ `ਤੇ ਲੋੜਵੰਦਾਂ ਨੂੰ ਚੀਜ਼ਾਂ ਪਹੁੰਚਾਉਣ ਦਾ ਤਜਰਬਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਲੋਕਾਂ ਲਈ ਇਹ ਸਮਾਂ ਬਹਤੁ ਹੀ ਚੁਣੌਤੀ ਭਰਿਆ ਹੈ। ਜਿਸ ਕਰਕੇ ਨਿਊਜ਼ੀਲੈਂਡ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਭਾਰਤ ਦੀ ਮੱਦਦ ਕਰੇਗਾ। ਜਿਸ ਲਈ ਉਹ ਸਥਿਤੀ ਨੂੰ ਵੇਖਦੇ ਰਹਿਣਗੇ ਅਤੇ ਭਾਰਤ ਸਰਕਾਰ ਦੀ ਸਹਾਇਤਾ ਤਿਆਰ ਰਹਿਣਗੇ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਫਾਈਨਾਂਸ ਮਨਿਸਟਰ ਗ੍ਰਾਂਟ ਰੌਬਟਸਨ ਵੀ ਐਲਾਨ ਕਰ ਚੁੱਕੇ ਹਨ ਕਿ ਕੋਵਿਡ ਦੇ ਭਿਆਰਨ ਦੌਰ `ਚ ਨਿਊਜ਼ੀਲੈਂਡ ਭਾਰਤ ਦੀ ਮੱਦਦ ਵਾਸਤੇ ਸਰਕਾਰ ਨਾਲ ਤਾਲਮੇਲ ਕਰ ਰਿਹਾ ਹੈ।
ਦੂਜੇ ਪਾਸੇ ਨਿਊਜ਼ੀਲੈਂਡ ਸਰਕਾਰ ਨੇ 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲੀਆਂ ਫਲਾਈਟਾਂ ਰੱਦ ਕਰਨ ਦੇ ਫ਼ੈਸਲੇ ਦੀ ਮਿਆਦ ਵੀ ਅੱਜ ਬੱੁਧਵਾਰ ਅੱਧੀ ਰਾਤ ਨੂੰ ਖਤਮ ਹੋ ਜਾਵੇਗੀ ਅਤੇ ਨਿਊਜ਼ੀਲੈਂਡ ਦੇ ਸਿਟੀਜ਼ਨਜ ਅਤੇ ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰ ਹੀ ਨਿਊਜ਼ੀਲੈਂਡ `ਚ ਦਾਖ਼ਲ ਹੋ ਸਕਣਗੇ। ਸੱਤਾਧਾਰੀ ਲੇਬਰ ਪਾਰਟੀ ਦੀ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧੀ ਨੈਸ਼ਨਲ ਪਾਰਟੀ ਨੇ ਸਵਾਗਤ ਕੀਤਾ ਹੈ।
ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਵੀ ਭਾਰਤ ਦੇ ਲੋਕਾਂ ਦੀ ਸਹਾਇਤਾ ਵਾਸਤੇ ਰੈੱਡ ਕਰਾਸ ਨੂੰ ਇੱਕ ਮਿਲੀਅਨ ਡਾਲਰ ਦੇਣ `ਤੇ ਨਿਊਜ਼ੀਲੈਂਡ ਸਰਕਾਰ ਦਾ ਧੰਨਵਾਦ ਕੀਤਾ ਹੈ। ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਜਿੱਥੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵੱਲੋਂ ਭਾਰਤ `ਚ ਆਕਸੀਜ਼ਨ ਭੇਜੀ ਜਾ ਰਹੀ ਹੈ, ਉੱਥੇ ਸੁਪਰੀਮ ਸਿੱਖ ਸੁਸਾਇਟੀ ਵੀ ਭਾਰਤ `ਚ ਆਕਸੀਜਨ ਭੇਜਣ ਲਈ ਯਤਨ ਕਰ ਰਹੀ ਹੈ ਤਾਂ ਕੋਵਿਡ ਦੀ ਬਿਮਾਰੀ ਕਾਰਨ ਤੜਫ਼ ਰਹੇ ਲੋਕਾਂ ਦੀ ਤਕਲੀਫ਼ ਘੱਟ ਕੀਤੀ ਜਾ ਸਕੇ।