ਆਕਲੈਂਡ (ਹਰਪ੍ਰੀਤ ਸਿੰਘ) - ਪਰਥ ਤੋਂ ਲੌਕਡਾਊਨ ਦੌਰਾਨ ਸਿਡਨੀ ਜਾ ਕੇ ਹਵਾਈ ਉਡਾਣ ਰਾਂਹੀ ਜੋ ਵਿਅਕਤੀ ਆਕਲੈਂਡ ਪੁੱਜਾ ਸੀ, ਉਸ ਨੂੰ 6 ਮਹੀਨੇ ਦੀ ਕੈਦ ਜਾਂ ਫਿਰ $4000 ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਇਹ ਸਜਾ ਤੇ ਜੁਰਮਾਨਾ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਕਰਨ ਵਾਲਿਆਂ 'ਤੇ ਵੀ ਲਾਇਆ ਜਾਏਗਾ।
ਲੌਕਡਾਊਨ ਦੌਰਾਨ ਪਰਥ ਸਮੇਤ ਪੱਛਮੀ ਆਸਟ੍ਰੇਲੀਆ ਦੀ ਸਟੇਟ ਨਾਲ ਨਿਊਜੀਲੈਂਡ ਦੀਆਂ ਉਡਾਣਾ ਬੰਦ ਸਨ ਤੇ ਇਸ ਵਿਅਕਤੀ ਨੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਸਿਡਨੀ ਰਾਂਹੀ ਆਕਲੈਂਡ ਦੀ ਟਿਕਟ ਕਰਵਾ ਲਈ, ਜਦਕਿ ਵਿਅਕਤੀ ਆਕਲੈਂਡ ਤੋਂ ਪਰਥ ਗਿਆ ਸੀ ਤੇ ਨਿਯਮਾਂ ਅਨੁਸਾਰ ਲੌਕਡਾਊਨ ਦੌਰਾਨ ਇਸ ਦੀ ਵਾਪਸੀ ਗੈਰ-ਕਾਨੂੰਨੀ ਸੀ। ਇਸ ਵੇਲੇ ਇਹ ਵਿਅਕਤੀ ਮੈਨੇਜਡ ਆਈਸੋਲੇਸ਼ਨ ਵਿੱਚ ਹੈ।