ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਜੋ ਕਿ ਲੇਬਰ ਸਰਕਾਰ ਦੀ ਅਨ-ਅਧਿਕਾਰਿਤ ਸਰਕਾਰ ਵਿਚ ਭਾਈਵਾਲ ਵੀ ਹੈ | ਉਸ ਵਲੋਂ ਨਿਊਜ਼ੀਲੈਂਡ ਸਰਕਾਰ ਦੇ ਇਮੀਗ੍ਰੇਸ਼ਨ ਬਾਬਤ ਪੈਂਤੜੇ ਦੀ ਜਿਥੇ ਆਲੋਚਨਾ ਕੀਤੀ ਗਈ ਉੱਥੇ ਹੀ ਪ੍ਰਵਾਸੀਆਂ ਦੇ ਹੱਕ ਵਿਚ ਨਾਹਰਾ ਵੀ ਬੁਲੰਦ ਕੀਤਾ ਗਿਆ |
ਅੱਜ ਆਕਲੈਂਡ ਵਿਚ ਗ੍ਰੀਨ ਪਾਰਟੀ ਵਲੋਂ ਇੱਕ ਪ੍ਰੈੱਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿਚ ਗ੍ਰੀਨ ਪਾਰਟੀ ਦੇ ਦੋ ਮੈਂਬਰ ਪਾਰਲੀਮੈਂਟ ਨੇ ਮੀਡੀਆ ਨੂੰ ਸੰਬੋਧਿਤ ਕੀਤਾ | ਜਿਹਨਾਂ 'ਚ ਗ੍ਰੀਨ ਐਮ.ਪੀ ਅਤੇ ਉਘੇ ਲੋਕ ਪੱਖੀ ਵਕੀਲ ਤੇਨਾਉ ਤੁਇਓਨੋ (ਸਪੋਕਸਮੈਨ ਐਥਿਨਿਕ ਭਾਈਚਾਰੇ ), ਪਰਵਾਸੀ ਰੂਪ 'ਚ ਮੈਕਸੀਕੋ ਤੋਂ ਆਕੇ ਵੱਸਣ ਵਾਲੇ ਨੌਜਵਾਨ ਐਮ.ਪੀ ਰਿਕਾਰਡੋ ਮਾਰਚ (ਸਪੋਕਸਮੈਨ ਇਮੀਗ੍ਰੇਸ਼ਨ ਮਾਮਲੇ )ਸ਼ਾਮਿਲ ਸਨ |
ਗ੍ਰੀਨ ਪਾਰਟੀ ਅਨੁਸਾਰ ਉਹਨਾਂ ਇੱਕ ਚਿੱਠੀ ਇਮੀਗ੍ਰੇਸ਼ਨ ਮਹਿਕਮੇ ਦੇ ਮੰਤਰੀ ਮਾਨਯੋਗ ਕ੍ਰਿਸ ਫਾਫੋਈ ਲਿਖੀ ਹੈ | ਜਿਸ ਵਿਚ ਉਹਨਾਂ ਜਿਥੇ ਨਿਊਜ਼ੀਲੈਂਡ ਵਿਚ ਗੈਰ -ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਨਿਊਜ਼ੀਲੈਂਡ ਵਿਚ ਮੁੜ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਮੌਕਾ ਦੇਣ ਲਈ ਵੀਜ਼ਾ ਦਿੱਤੇ ਜਾਣ ਦੀ ਗੱਲ ਕਹੀ ਹੈ | ਉੱਥੇ ਹੀ ਕੱਚੇ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਵੀ ਇੱਕੋ ਖਿੜਕੀ ਰਾਹੀਂ ਪੱਕੇ ਕਰਨ ਦੀ ਗੱਲ ਕਹੀ ਹੈ | ਗ੍ਰੀਨ ਪਾਰਟੀ ਅਨੁਸਾਰ ਨਿਊਜ਼ੀਲੈਂਡ ਦਾ ਇਤਿਹਾਸ ਰਿਹਾ ਹੈ ਕਿ ਇਥੇ ਸਮੇਂ ਸਮੇਂ ਤੇ ਕੱਚੇ ਅਤੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਅਮੈਨਸਟੀ ਦਿੱਤੀ ਜਾਂਦੀ ਰਹੀ ਹੈ |
ਉਹਨਾਂ ਲੋਕਾਂ ਨੇ ਹੀ ਅੱਗੇ ਜਾਕੇ ਨਿਊਜ਼ੀਲੈਂਡ ਦੀ ਇਕੋਨਮੀ 'ਚ ਭਰਵਾਂ ਯੋਗਦਾਨ ਵੀ ਪਾਇਆ ਹੈ |
ਗ੍ਰੀਨ ਪਾਰਟੀ ਨੇ ਇਮੀਗ੍ਰੇਸ਼ਨ ਮਨਿਸਟਰ ਨੂੰ ਲਿਖੇ ਆਪਣੇ ਓਪਨ ਲੈਟਰ ਵਿਚ ਸੱਤ ਨੁਕਤੇ ਉਭਾਰੇ ਹਨ | ਜੋ ਕਿ ਇਸ ਪ੍ਰਕਾਰ ਹਨ |
- ਨਿਊਜ਼ੀਲੈਂਡ ਵਿਚ ਸਥਾਈ ਵੀਜ਼ੇ ਲਈ ਰਾਹ ਤਿਆਰ ਕੀਤਾ ਜਾਵੇ |
- ਇੱਕ ਬੋਰਡ ਬਣਾਇਆ ਜਾਵੇ , ਜੋ ਕਿ ਗੈਰ - ਕਾਨੂੰਨੀ ਹੋ ਚੁੱਕੇ ਲੋਕਾਂ ਨੂੰ ਸੁਣੇ ਅਤੇ ਉਹਨਾਂ ਨੂੰ ਵੀਜ਼ਾ ਦੇਵੇ |
- ਵਰਕ ਵੀਜ਼ਿਆਂ ਨੂੰ ਇੱਕ ਮਾਲਕ ਤੋਂ ਕੱਢਕੇ ਕਿੱਤਾ ਅਧਾਰਿਤ ਕੀਤਾ ਜਾਵੇ |(ਤਾਂ ਕਿ ਸੋਸ਼ਣ ਖਤਮ ਹੋਵੇ ਅਤੇ ਕਾਮਿਆਂ ਦੀ ਘਾਟ ਪੂਰੀ ਹੋਵੇ )
- ਵੀਜ਼ਿਆਂ ਅਤੇ ਰੈਜ਼ੀਡੈਂਸੀ ਵਿਚ ਹੁੰਦੀ ਦੇਰੀ ਨੂੰ ਫੌਰੀ ਤੌਰ ਤੇ ਸੰਗਠਿਤ ਕੀਤਾ ਜਾਵੇ |
- ਮਾਪਿਆਂ ਨੂੰ ਨਿਊਜ਼ੀਲੈਂਡ ਬਲਾਉਣ ਲਈ ,ਕੋਈ ਤਰਕ ਸੰਗਤ ਰਾਹ ਚੁਣਿਆ ਜਾਵੇ , ਆਮਦਨ ਵਾਲਾ ਪੱਖ ਲਾਂਭੇ ਕੀਤਾ ਜਾਵੇ |
- ਪਾਰਟਨਰ-ਸ਼ਿਪ ਵੀਜ਼ਿਆਂ ਵਿਚ ਵੀ ਤਰਕ ਸੰਗਤ ਪਹੁੰਚ ਅਪਨਾਉਣ ਉੱਪਰ ਜ਼ੋਰ ਦਿੱਤਾ |
- ਪ੍ਰਵਾਸੀਆਂ ਦਾ ਨਿਊਜ਼ੀਲੈਂਡ ਦੇ ਲੋਕ ਭਾਈਚਾਰੇ ਨਾਲ ਬੇਹਤਰ ਰਿਸ਼ਤਾ ਬਣਾਉਣ ਲਈ ਵੀ ਕੋਈ ਯੋਜਨਾ ਤਿਆਰ ਕੀਤੀ ਜਾਵੇ |
ਗ੍ਰੀਨ ਪਾਰਟੀ ਅਨੁਸਾਰ ਇਸ ਮੌਕੇ ਜੋ ਸੰਸਾਰ ਦੇ ਹਲਾਤ ਹਨ | ਅਜਿਹੇ ਵਿਚ ਪ੍ਰਵਾਸੀਆਂ ਉੱਪਰ ਸਖਤੀ ਕਰਨੀ ਗੈਰ -ਵਾਜਿਬ ਹੈ | ਇਸ ਮੌਕੇ ਜਰੂਰਤ ਹੈ ਕਿ ਪਰਵਾਸੀ ਭਾਈਚਾਰੇ ਨੂੰ ਸਥਾਨਿਕ ਭਾਈਚਾਰੇ ਦਾ ਹਿੱਸਾ ਬਣਾਕੇ ,ਮੁਲਕ ਦੀ ਆਰਥਿਕਤਾ ਦਾ ਗੱਡਾ ਚੱਲਦਾ ਕੀਤਾ ਜਾਵੇ |
ਇਸ ਮੌਕੇ ਗ੍ਰੀਨ ਦੇ ਦੋਵਾਂ ਮੈਂਬਰ ਪਰਲੀਮੈਂਟਸ ਨੇ ਪ੍ਰਵਾਸੀਆਂ ਨੂੰ ਆਪਣੇ ਦੁੱਖ ਦੱਸਣ ਲਈ ਆਪਣੀ ਈ-ਮੇਲਜ਼ ਉੱਪਰ ਸੰਪਰਕ ਕਰਨ ਲਈ ਵੀ ਕਿਹਾ ਹੈ ਤਾਂ ਕਿ ਉਹ ਪਾਰਲੀਮੈਂਟ ਦੇ ਮੰਚ ਰਾਹੀਂ ਉਹਨਾਂ ਦੀ ਆਵਾਜ਼ ਬੁਲੰਦ ਕਰ ਸਕਣ |
ਉਹਨਾਂ ਦੀਆਂ ਈ- ਮੇਲਜ਼ ਅਸੀਂ ਇਥੇ ਖਬਰ ਦੇ ਨਾਲ ਨੱਥੀ ਕਰ ਰਹੇ ਹਾਂ | ਜਿਥੇ ਤੁਸੀਂ ਇਮੀਗ੍ਰੇਸ਼ਨ ਬਾਬਤ ਆਪਣੀ ਗੱਲ- ਬਾਤ ਗ੍ਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟਸ ਨਾਲ ਰੱਖ ਸਕਦੇ ਹੋ |
ricardo.march@parliament.govt.nz (ਐਮ.ਪੀ ਰਿਕਾਰਡੋ ਮਾਰਚ) ,Teanau.Tuiono@parliament.govt.nz (ਐਮ.ਪੀ ਅਤੇ ਉਘੇ ਲੋਕ ਪੱਖੀ ਵਕੀਲ ਤੇਨਾਉ ਤੁਇਓਨੋ)