ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ)
ਇਮੀਗਰੇਸ਼ਨ ਨਿਊਜ਼ੀਲੈਂਡ ਦੇ ਸਿਸਟਮ ਦੇ ਸੁਧਾਰ ਵਾਸਤੇ ਜਾਂਚ ਸ਼ੁਰੂ ਹੋ ਗਈ ਹੈ। ਪ੍ਰੋਡੱਕਟੀਵਿਟੀ ਕਮਿਸ਼ਨ ਵੱਲੋਂ ਇਸ ਬਾਬਤ ਵੱਡੇ ਪੱਧਰ `ਤੇ ਪੜਤਾਲ ਕੀਤੀ ਜਾਵੇਗੀ। ਕੋਵਿਡ-19 ਤੋਂ ਬਾਅਦ ਪ੍ਰਭਾਵਿਤ ਹੋਏ ਹਾਲਾਤ ਕਾਰਨ ਇਸ ਗੱਲ ਦੀ ਪੜਤਾਲ ਕੀਤੀ ਜਾਵੇਗੀ ਕਿ ਅਗਲੇ ਸਮੇਂ ਦੌਰਾਨ ਮਾਈਗਰੈਂਟਸ ਦੀ ਕੀ ਭੂਮਿਕਾ ਹੋਵੇਗੀ? ਭਾਵ ਨਿਊਜੀਲੈਂਡ ਨੂੰ ਕਿਸ ਤਰ੍ਹਾਂ ਦੇ ਮਾਈਗਰੈਂਟਸ ਦੀ ਲੋੜ ਹੈ।
ਨਿਊਜ਼ੀਲੈਂਡ ਦੇ ਫਾਈਨਾਂਸ ਮਨਿਸਟਰ ਗ੍ਰਾਂਟ ਰੌਬਰਟਸਨ ਨੇ ਅੱਜ ਦੱਸਿਆ ਕਿ ਇਮੀਗਰੇਸ਼ਨ ਸਿਸਟਮ `ਤੇ ਇਕਨੌਮਿਕ ਅਤੇ ਕਲਚਰਲ ਪ੍ਰਭਾਵ ਬਾਰੇ ਘੋਖ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੁਆਰਾ ਉਥਲ-ਪੁਥਲ ਕੀਤੇ ਜਾ ਚੁੱਕੇ ਹਾਲਾਤ ਨੇ ਇੱਕ ਅਜਿਹਾ ਨਿਵੇਕਲਾ ਮੌਕਾ ਦਿੱਤਾ ਹੈ, ਜਿਸ ਰਾਹੀਂ ਪੜਤਾਲ ਹੋ ਸਕੇਗੀ ਕਿ ਕਿੰਨਾ-ਕਿੰਨਾ ਨੇ ਨਿਊਜ਼ੀਲੈਂਡ ਦੀ ਲੇਬਰ ਮਾਰਕੀਟ, ਕਲਚਰ ਅਤੇ ਸੁਸਾਇਟੀ `ਚ ਮਹੱਤਵਪੂਰਨ ਹਿੱਸਾ ਪਾਇਆ ਹੈ। ਜਿਸ ਨਾਲ ਦੇਸ਼ ਦੀ ਇਮੀਗਰੇਸ਼ਨ ਪਾਲਿਸੀ ਅਤੇ ਪ੍ਰੋਡੱਕਟੀਵਿਟੀ ਦੇ ਸੁਧਾਰ ਲਈ ਧਿਆਨ ਕੇਂਦਰਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਾਈਗਰੈਂਟਸ ਨਿਊਜ਼ੀਲੈਂਡ ਆ ਕੇ ਸੈੱਟਲ ਹੁੰਦੇ ਹਨ, ਜੋ ਆਪ ਵੀ ਖੁਸ਼ਹਾਲ ਹੁੰਦੇ ਹਨ ਅਤੇ ਪਰਿਵਾਰਾਂ ਤੋਂ ਇਲਾਵਾ ਦੇਸ਼ ਨੂੰ ਵੀ ਫਾਇਦਾ ਦਿੰਦੇ ਹਨ। ਇੰਨਾ ਹੀ ਨਹੀਂ, ਮਾਈਗਰੈਂਟਸ ਨਿਊਜ਼ੀਲੈਂਡ `ਚ ਵੱਖ-ਵੱਖ ਤਰ੍ਹਾਂ ਦੀਆਂ ਸਕਿਲਜ, ਟੇਲੈਂਟ, ਜਾਣਕਾਰੀ, ਤਜਰਬਾ ਲੈ ਕੇ ਆਉਂਦੇ ਹਨ। ਪਰ ਇਸਦੇ ਬਾਵਜੂਦ ਇਸ ਗੱਲ ਨੂੰ ਸਮਝਣਾ ਮਹੱਤਵਪੂਰਨ ਹੈ ਕਿ ਮਾਈਗਰੈਂਟਸ ਦਾ ਨਿਊਜ਼ੀਲੈਂਡ ਦੇ ਸਿਸਟਮ `ਤੇ ਕਿਸ ਤਰ੍ਹਾਂ ਅਸਰ ਪੈਂਦਾ ਹੈ।
ਇਸ ਸਬੰਧੀ ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਦਾ ਕਹਿਣਾ ਹੈ ਕਿ ਪ੍ਰੋਡੱਕਟੀਵਿਟੀ ਕਮਿਸ਼ਨ ਰਾਹੀਂ ਇਮੀਗਰੇਸ਼ਨ ਸਿਸਟਮ `ਤੇ ਲੰਬੇ ਸਮੇਂ ਦੇ ਪ੍ਰਭਾਵ ਬਾਰੇ ਪਤਾ ਲੱਗ ਸਕੇਗਾ। ਜਿਸ ਸਬੰਧੀ ਅਗਲੇ ਹਫ਼ਤਿਆਂ ਦੌਰਾਨ ਹੋਰ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਦੀ ਉਮੀਦ ਹੈ।