ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਖਿਰਕਾਰ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਨੂੰ ਪਾਰਲੀਮੈਂਟ ਬਾਹਰ ਪ੍ਰਵਾਸੀਆਂ ਦਾ ਸਾਹਮਣਾ ਕਰਨਾ ਪੈ ਹੀ ਗਿਆ। ਇਹ ਉਹ ਪ੍ਰਵਾਸੀ ਸਨ, ਜੋ ਬਾਰਡਰ ਬੰਦ ਹੋਣ ਕਰਕੇ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਹਨ ਜਾਂ ਫਿਰ ਜਿਨ੍ਹਾਂ ਦੇ ਵੀਜੇ ਅਜੇ ਤੱਕ ਰੀਨਿਊ ਨਹੀਂ ਹੋ ਸਕੇ ਹਨ ਤੇ ਉਨ੍ਹਾਂ ਨੂੰ ਹੱਦੋਂ ਵੱਧ ਦੇਰੀ ਝੱਲਣੀ ਪੈ ਰਹੀ ਹੈ ਤੇ ਇਸ ਸਭ ਦਾ ਨਤੀਜਾ ਹੈ ਪ੍ਰਵਾਸੀਆਂ ਲਈ ਇੱਕ ਅਸਹਿਣਯੋਗ ਦਰਦ।
ਆਹਮੋ-ਸਾਹਮਣੇ ਹੋਣ ਦੇ ਬਾਵਜੂਦ ਪ੍ਰਵਾਸੀਆਂ ਨੂੰ ਕੋਈ ਵੀ ਸੰਤੁਸ਼ਟੀ ਭਰਿਆ ਜੁਆਬ ਨਹੀਂ ਮਿਲ ਸਕਿਆ। ਪ੍ਰਵਾਸੀ ਇਸ ਮੌਕੇ ਵਾਰ-ਵਾਰ ਇਹੀ ਨਾਅਰਾ ਲਾ ਰਹੇ ਸਨ ਕਿ
ਸਾਨੂੰ ਜੁਆਬ ਚਾਹੀਦਾ ਹੈ! ਸਾਨੂੰ ਜੁਆਬ ਚਾਹੀਦਾ ਹੈ!
ਪਰ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਨੀਵੀਂ ਪਾਕੇ ਖੜੇ ਰਹੇ।
ਇਸ ਮੌਕੇ ਵੱਖੋ-ਵੱਖ ਹਲਾਤਾਂ 'ਚੋਂ ਗੁਜਰ ਰਹੇ ਪ੍ਰਵਾਸੀਆਂ ਨੇ ਕ੍ਰਿਸ ਫਫੋਈ ਨੂੰ ਕਾਫੀ ਭਾਵੁਕ ਸੁਆਲ ਕੀਤੇ, ਜਿਨ੍ਹਾਂ ਦਾ ਕੋਈ ਵੀ ਸੰਤੁਸ਼ਟੀ ਭਰਿਆ ਜੁਆਬ ਉਨ੍ਹਾਂ ਨੂੰ ਨਾ ਮਿਲਿਆ।
ਅਜਿਹੇ ਪ੍ਰਵਾਸੀ ਵੀ ਇਸ ਮੌਕੇ ਮੌਜੂਦ ਸਨ, ਜਿਨ੍ਹਾਂ ਨੂੰ ਆਪਣੇ ਬੱਚਿਆਂ, ਆਪਣੇ ਘਰਦਿਆਂ ਨਾਲ ਮਿਲਿਆਂ ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਸੀ।
ਪਰ ਕ੍ਰਿਸ ਫਫੋਈ ਦਾ ਇਹੀ ਜੁਆਬ ਸੀ ਕਿ ਜੋ ਖਬਰ ਤੁਸੀਂ ਸੁਨਣਾ ਚਾਹੁੰਦੇ ਹੋ, ਉਸਦਾ ਅਜੇ ਕੋਈ ਜੁਆਬ ਸਾਡੇ ਕੋਲ ਨਹੀਂ ਹੈ, ਪਰ ਤੁਹਾਡੀ ਸੱਮਸਿਆ ਤੋਂ ਅਸੀਂ ਜਾਣੂ ਹਾਂ।
ਕ੍ਰਿਸ ਨੇ ਇਹ ਵੀ ਕਿਹਾ ਕਿ ਬਾਰਡਰ ਬੰਦ ਹੋਣ ਕਰਕੇ ਜੋ ਹਾਲਾਤ ਇਸ ਵੇਲੇ ਬਣੇ ਹੋਏ ਹਨ, ਉਨ੍ਹਾਂ ਕਰਕੇ ਪ੍ਰਵਾਸੀਆਂ ਨੂੰ ਕੋਈ ਵੀ ਲਾਰਾ ਨਹੀਂ ਲਾਇਆ ਜਾ ਸਕਦਾ।
ਇਹ ਮੌਕੇ ਪਰਿਵਾਰਾਂ ਤੋਂ ਵਿਛੜੇ ਪ੍ਰਵਾਸੀਆਂ ਤੋਂ ਇਲਾਵਾ, ਉਹ ਪ੍ਰਵਾਸੀ ਵੀ ਮੌਜੂਦ ਸਨ, ਜਿਨ੍ਹਾਂ ਦੇ ਵੀਜਾ ਅਜੇ ਤੱਕ ਰੀਨਿਊ ਨਹੀਂ ਹੋਏ ਹਨ ਤੇ ਜਿਸ ਤਰ੍ਹਾਂ ਦੇ ਮੌਜੂਦਾ ਹਾਲਾਤ ਹਨ, ਉਸ ਕਰਕੇ ਸਾਲ ਤੋਂ ਵੀ ਵਧੇਰੇ ਦਾ ਸਮਾਂ ਲੱਗ ਸਕਦਾ ਹੈ। ਪਰ ਇਨ੍ਹਾਂ ਨੂੰ ਵੀ ਕੋਈ ਸੰਤੁਸ਼ਟੀ ਭਰਿਆ ਜੁਆਬ ਇਮੀਗ੍ਰੇਸ਼ਨ ਮਨਿਸਟਰ ਵਲੋਂ ਨਹੀਂ ਮਿਲਿਆ।