ਆਕਲੈਂਡ (ਹਰਪ੍ਰੀਤ ਸਿੰਘ) - ਓਟਾਰਾ ਦੇ ਵੈਕਸੀਨੇਸ਼ਨ ਸੈਂਟਰ 'ਤੇ ਇਸ ਵੇਲੇ ਮੌਜੂਦ ਹਰ ਨਰਸ ਪ੍ਰਤੀ ਦਿਨ 100 ਕੋਰੋਨਾ ਦੇ ਟੀਕੇ ਇਲਾਕਾ ਨਿਵਾਸੀਆਂ ਨੂੰ ਲਾ ਰਹੀ ਹੈ ਤੇ ਇਹ ਕੰਮ ਹਫਤੇ ਦੇ ਸੱਤ ਦਿਨ ਚੱਲ ਰਿਹਾ ਹੈ। ਸੈਂਟਰ ਦੇ ਇੰਚਾਰਜ ਦਾ ਇਸ ਸਬੰਧੀ ਕਹਿਣਾ ਹੈ ਕਿ ਜੇ ਇਸੇ ਰਫਤਾਰ ਨਾਲ ਵੈਕਸੀਨੇਸ਼ਨ ਦਾ ਕੰਮ ਜਾਰੀ ਰੱਖਣਾ ਹੈ ਤਾਂ ਸੈਂਟਰ ਨੂੰ ਹੋਰ ਨਰਸਾਂ ਦੀ ਲੋੜ ਪਏਗੀ ਤਾਂ ਜੋ ਨਵੀਆਂ ਨਰਸਾਂ ਮੌਜੂਦਾ ਨਰਸਾਂ ਦੀ ਥਾਂ ਕੰਮ ਕਰ ਸਕਣ ਤੇ ਇਨ੍ਹਾਂ ਨਰਸਾਂ 'ਤੇ ਵਾਧੂ ਦਾ ਬੋਝ ਘਟਾਇਆ ਜਾ ਸਕੇ ਅਤੇ ਵੈਕਸੀਨੇਸ਼ਨ ਦਾ ਕੰਮ ਇਸੇ ਰਫਤਾਰ ਨਾਲ ਜਾਰੀ ਰਹਿ ਸਕੇ।
ਸਾਊਥ ਸੀਜ਼ ਹੇਲਥ ਕੇਅਰ ਚੀਫ ਐਕਜ਼ੀਕਿਊਟਿਵ ਲਿਮਲੁ ਸਿਲਾਓ ਵੀਸੇਲਾ ਅਨੁਸਾਰ ਉਨ੍ਹਾਂ ਦਾ ਅਨੁਮਾਨ ਸੀ ਕਿ ਸੈਂਟਰ ਵਿੱਚ ਰੋਜਾਨਾ 300 ਜਣਿਆਂ ਨੂੰ ਟੀਕਾ ਲਾਇਆ ਜਾਏਗਾ, ਪਰ ਇਸ ਵੇਲੇ ਰੋਜਾਨਾ 400 ਜਣਿਆਂ ਨੂੰ ਟੀਕਾ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਸੈਂਟਰ ਵਿੱਚ ਇਸ ਵੇਲੇ ਸਿਰਫ 4 ਨਰਸਾਂ ਹੀ ਮੌਜੂਦ ਹਨ।
ਪਹਿਲਾਂ ਜੁਲਾਈ ਤੱਕ ਨਵੀਆਂ ਨਰਸਾਂ ਸੈਂਟਰ ਨੂੰ ਮੁੱਹਈਆ ਕਰਵਾਉਣ ਦੀ ਗੱਲ ਕਹੀ ਗਈ ਸੀ, ਪਰ ਇਸ ਜਿਆਦਾ ਬੋਝ ਕਰਕੇ ਜੁਲਾਈ ਤੱਕ ਨਰਸਾਂ ਦੀ ਉਡੀਕ ਕਰਨਾ ਔਖਾ ਹੈ ਤੇ ਇਸੇ ਲਈ ਜਲਦ ਤੋਂ ਜਲਦ ਨਰਸਾਂ ਮੁੱਹਈਆ ਕਰਵਾਏ ਜਾਣਾ ਸਮੇਂ ਦੀ ਪਹਿਲ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਹਫਤੇ ਵਿੱਚ ਕੁਝ ਦਿਨ ਸੈਂਟਰ ਬੰਦ ਰੱਖਣਾ ਇੱਕ ਮਜਬੂਰੀ ਬਣ ਜਾਏਗਾ।