ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀ ਕਰਮਚਾਰੀਆਂ ਨੂੰ ਆਪਣੀ ਨਿੱਜੀ ਮਲਕੀਅਤ ਸਮਝਣ ਵਾਲੇ ਆਕਲੈਂਡ ਦੇ ਚਾਰ ਰੈਸਟੋਰੈਂਟਾਂ ਦੇ ਮਾਲਕ ਨੂੰ ਆਖਿਰਕਾਰ ਮੂੰਹ ਦੀ ਖਾਣੀ ਪਈ ਹੈ।
ਦਰਅਸਲ ਪ੍ਰਕਾਸ਼ ਹੀਰਾ ਆਪਣੇ ਕਰਮਚਾਰੀਆਂ ਤੋਂ'ਬੌਂਡਡ ਲੇਬਰ' ਦਾ ਅਜਿਹਾ ਇਕਰਾਰ ਕਰਵਾਉਂਦਾ ਸੀ ਕਿ ਜੇ ਕਰਮਚਾਰੀ ਦੀ ਨੌਕਰੀ 1 ਸਾਲ ਦੇ ਵਿੱਚ ਕਿਸੇ ਕਾਰਨ ਕਰਕੇ ਛੁੱਟ ਜਾਏ ਜਾਂ ਕਰਮਚਾਰੀ ਆਪ ਛੱਡ ਕੇ ਜਾਏ ਤਾਂ ਉਸਨੂੰ ਪ੍ਰਕਾਸ਼ ਹੀਰਾ ਨੂੰ $3000 ਅਦਾ ਕਰਨੇ ਪੈਣਗੇ।
ਇਸ ਸਬੰਧੀ ਜਦੋਂ ਮੈਕਡੋਨਲਡ ਵਾਲਿਆਂ ਨੂੰ ਜਾਣਕਾਰੀ ਮਿਲੀ ਤਾਂ ਅਸਲੀਅਤ ਸਾਹਮਣੇ ਆਈ ਤੇ ਮੈਕਡੋਨਲਡ ਨੇ ਇਸ ਨੂੰ ਬਰਦਾਸ਼ਤ ਨਾ ਕਰਦਿਆਂ ਪ੍ਰਕਾਸ਼ ਹੀਰਾ ਦੇ ਬ੍ਰਿਟਮੋਰਟ, ਕੁਈਨ ਸਟਰੀਟ, ਪੋਇੰਟ ਸ਼ੇਵੀਲੀਅਰ, ਕਵੇ ਸਟਰੀਟ ਸਥਿਤ ਰੈਸਟੋਰੈਂਟਾਂ ਦੀ ਫ੍ਰੈਂਚਾਈਜੀ ਨੂੰ ਰੱਦ ਕਰ ਦਿੱਤਾ।
ਮੈਕਡਾਨਲਡ ਅਨੁਸਾਰ ਇਹ ਧੱਕਾ ਉਨ੍ਹਾਂ ਦੀ ਕੰਪਨੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਮੈਕਡਾਨਲਡ ਨੂੰ ਪ੍ਰਕਾਸ਼ ਹੀਰੇ ਦੇ ਇਸ ਧੱਕੇ ਬਾਰੇ ਜਾਣੂ ਕਰਵਾਇਆ ਗਿਆ ਸੀ।
ਅਜੇ ਇਸ ਬਾਰੇ ਕੋਈ ਪਤਾ ਨਹੀਂ ਕਿ ਪ੍ਰਕਾਸ਼ ਹੀਰਾ ਨੇ ਕਿੰਨੇ ਕੁ ਕਰਮਚਾਰਆਂ ਨਾਲ ਅਜਿਹੇ ਕਾਂਟਰੇਕਟ ਹੁਣ ਤੱਕ ਕੀਤੇ, ਪਰ ਮੈਕਡਾਨਲਡ ਅਨੁਸਾਰ ਉਨ੍ਹਾਂ ਨੂੰ ਕੁਝ ਕੁ ਕਰਮਚਾਰੀਆਂ ਬਾਰੇ ਹੀ ਜਾਣਕਾਰੀ ਹਾਸਿਲ ਹੈ।
ਪ੍ਰਕਾਸ਼ ਹੀਰਾ ਦੇ ਇੱਕ ਸਾਬਕਾ ਕਰਮਚਾਰੀ, ਸ਼੍ਰੀਮਾਨ ਸਿੰਘ, ਜਿਨ੍ਹਾਂ ਨੇ ਆਪਣਾ ਨਾਮ ਵੀਜਾ ਕਾਰਨਾ ਕਰਕੇ ਲੁਕਾਉਣ ਦੀ ਬੇਨਤੀ ਕੀਤੀ, ਦਾ ਕਹਿਣਾ ਹੈ ਕਿ ਉਹ ਵੀ ਪ੍ਰਕਾਸ਼ ਹੀਰਾ ਤੋਂ ਅਜਿਹਾ ਕਾਂਟਰੇਕਟ ਹਾਸਿਲ ਕਰ ਚੁੱਕਾ ਹੈ ਤੇ ਇਨ੍ਹਾਂ ਹੀ ਨਹੀਂ ਉਸ ਨੂੰ ਆਪਣੇ ਵੀਜਾ ਦੇ ਚਲਦਿਆਂ ਪ੍ਰਕਾਸ਼ ਹੀਰਾ ਦੇ ਮੈਨੇਜਰ ਦਾ ਧੱਕਾ ਵੀ ਸਹਿਣਾ ਪਿਆ, ਜੋ ਉਸਤੋਂ ਲੋੜ ਤੋਂ ਵੱਧ ਕੰਮ ਤਾਂ ਕਰਵਾਉਂਦਾ ਹੀ ਸੀ ਤੇ ਨਾਲ ਹੀ ਡਿਲਵਰੀਆਂ ਦੇਣ ਲਈ ਸਿੰਘ ਨੂੰ ਆਪਣੀ ਨਿੱਜੀ ਕਾਰ ਵਰਤਣ ਲਈ ਮਜਬੂਰ ਕਰਦਾ ਸੀ, ਪਰ ਸਿੰਘ ਨੇ ਵੀਜਾ ਰੱਦ ਹੋਣ ਦੇ ਡਰੋਂ ਇਸ ਸਬੰਧੀ ਕਦੇ ਵੀ ਆਵਾਜ ਨਹੀਂ ਚੁੱਕੀ।