ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀਆਂ ਨੂੰ ਅਣਗੌਲਿਆਂ ਕਰਨ ਵਾਲੀ ਨਿਊਜੀਲੈਂਡ ਸਰਕਾਰ ਦੇ ਬਜਟ ਸਬੰਧਿਤ ਕਾਗਜਾਤ ਦੱਸਦੇ ਹਨ ਕਿ ਨਿਊਜੀਲੈਂਡ ਸਰਕਾਰ ਨੇ $900,000 ਦੀ ਮੋਟੀ ਰਾਸ਼ੀ ਉਨ੍ਹਾਂ ਪ੍ਰਵਾਸੀਆਂ ਨੂੰ ਵਾਪਿਸ ਆਪਣੇ ਦੇਸ਼ਾਂ ਨੂੰ ਭੇਜਣ ਲਈ ਖਰਚੀ ਹੈ, ਜਿਨ੍ਹਾਂ ਕੋਲ ਟਿਕਟਾਂ ਖ੍ਰੀਦਣ ਲਈ ਵੀ ਪੈਸੇ ਨਹੀਂ ਸਨ।
ਇਸ ਤੋਂ ਇਲਾਵਾ ਬਜਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਗਲੇ ਵਿੱਤੀ ਵਰ੍ਹੇ ਵਿੱਚ $11 ਮਿਲੀਅਨ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਵੀ ਖਰਚੇ ਜਾਣਗੇ। ਇਨ੍ਹਾਂ ਹੀ ਨਹੀਂ $19 ਮਿਲੀਅਨ ਦੀ ਪ੍ਰਸਤਾਵਿਤ ਰਾਸ਼ੀ ਇਨ੍ਹਾਂ ਪ੍ਰਵਾਸੀਆਂ ਨੂੰ ਨਿਊਜੀਲ਼ੈਂਡ ਲਿਆਉਣ ਭਾਵ ਉਨ੍ਹਾਂ ਦੇ ਟਰੈਵਲ ਖਰਚਿਆਂ ਲਈ ਵਰਤੇ ਜਾਣ ਦੇ ਵੀ ਆਸਾਰ ਹਨ।
ਕਾਗਜਾਤ ਦੱਸਦੇ ਹਨ ਕਿ ਸਤੰਬਰ ਵਿੱਚ ਜਦੋਂ ਪ੍ਰਵਾਸੀਆਂ ਨੂੰ ਟਿਕਟਾਂ ਖ੍ਰੀਦ ਕੇ ਵਾਪਿਸ ਉਨ੍ਹਾਂ ਦੇ ਦੇਸ਼ ਭੇਜਣ ਦੀ ਯੋਜਨਾ ਸ਼ੁਰੂ ਹੋਈ ਸੀ, ਤਾਂ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਜੇ ਇਹ ਪ੍ਰਵਾਸੀ ਨਿਊਜੀਲੈਂਡ ਵਾਪਿਸ ਪਰਤਣਗੇ ਤਾਂ ਉਨ੍ਹਾਂ ਨੂੰ ਇਹ ਟਿਕਟਾਂ ਦੇ ਪੈਸੇ ਸਰਕਾਰ ਨੂੰ ਅਦਾ ਕਰਨੇ ਪੈਣਗੇ।
ਬਜਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੀਤੇ ਸਾਲ ਕੋਰੋਨਾ ਕਰਕੇ ਮੁੰਬਈ, ਮਨੀਲਾ, ਪ੍ਰੀਟੋਰੀਆ ਦੇ ਦਫਤਰ ਬੰਦ ਕਰਨ ਕਰਕੇ 329 ਕਰਮਚਾਰੀਆਂ ਨੂੰ ਆਪਣੀ ਨੌਕਰੀ ਵੀ ਗੁਆਉਣੀ ਪਈ ਸੀ।